ਮੁਰਮੂ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ
ਸੁਵਾ, 7 ਅਗਸਤ : ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਅੱਜ ਫਿਜੀ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ‘ਕੰਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ’ ਨਾਲ ਸਨਮਾਨਿਤ ਕੀਤਾ ਗਿਆ। ਮੁਰਮੂ ਨੇ ਦੋਵੇਂ ਮੁਲਕਾਂ ਦੇ ਸਬੰਧਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਇਕ ਮਜ਼ਬੂਤ, ਲਚਕੀਲਾ ਅਤੇ ਵਧੇਰੇ ਖੁਸ਼ਹਾਲ ਮੁਲਕ ਬਣਾਉਣ ਲਈ ਫਿਜੀ ਨਾਲ ਭਾਈਵਾਲੀ ਕਰਨ ਵਾਸਤੇ ਤਿਆਰ ਹੈ। ਰਾਸ਼ਟਰਪਤੀ ਦਫ਼ਤਰ ਨੇ ‘ਐਕਸ’ ’ਤੇ ਪੋਸਟ ’ਚ ਕਿਹਾ ਕਿ ਫਿਜੀ ਦੇ ਰਾਸ਼ਟਰਪਤੀ ਰਾਤੂ ਵਿਲੀਅਮ ਮੈਵਾਲਿਲੀ ਕਟੋਨੀਵੇਰੇ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਫਿਜੀ ਦੇ ਦੋ ਰੋਜ਼ਾ ਦੌਰੇ ’ਤੇ ਆਈ ਮੁਰਮੂ ਨੇ ਇਸ ਸਨਮਾਨ ਨੂੰ ਭਾਰਤ ਅਤੇ ਫਿਜੀ ਵਿਚਕਾਰ ਦੋਸਤੀ ਦੇ ਗੂੜ੍ਹੇ ਸਬੰਧਾਂ ਦਾ ਆਧਾਰ ਦੱਸਿਆ ਹੈ। ਇਹ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਸ ਟਾਪੂ ਮੁਲਕ ਦੀ ਪਹਿਲੀ ਯਾਤਰਾ ਹੈ। ਰਾਸ਼ਟਰਪਤੀ ਮੁਰਮੂ ਨੇ ਫਿਜੀ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਜਿਵੇਂ ਜਿਵੇਂ ਭਾਰਤ ਆਲਮੀ ਮੰਚ ’ਤੇ ਮਜ਼ਬੂਤੀ ਨਾਲ ਉਭਰ ਰਿਹਾ ਹੈ, ਅਸੀਂ ਇਕ ਮਜ਼ਬੂਤ, ਲਚਕੀਲਾ ਅਤੇ ਵਧੇਰੇ ਖੁਸ਼ਹਾਲ ਮੁਲਕ ਬਣਾਉਣ ਲਈ ਤੁਹਾਡੀਆਂ ਤਰਜੀਹਾਂ ਮੁਤਾਬਕ ਫਿਜੀ ਨਾਲ ਭਾਈਵਾਲੀ ਕਰਨ ਲਈ ਤਿਆਰ ਹਾਂ। ਸਾਨੂੰ ਆਪਣੇ ਮੁਲਕਾਂ ਦੇ ਲੋਕਾਂ ਦੇ ਫਾਇਦੇ ਲਈ ਭਾਈਵਾਲੀ ਦੀ ਪੂਰੀ ਸਮਰੱਥਾ ਵਰਤ ਕੇ ਅੱਗੇ ਵਧਣ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਆਕਾਰ ’ਚ ਬਹੁਤ ਫ਼ਰਕ ਹੋਣ ਦੇ ਬਾਵਜੂਦ ਭਾਰਤ ਅਤੇ ਫਿਜੀ ’ਚ ਲੋਕਤੰਤਰ ਸਮੇਤ ਕਾਫੀ ਕੁਝ ਇਕੋ ਜਿਹਾ ਹੈ। ਉਨ੍ਹਾਂ ਯਾਦ ਕੀਤਾ ਕਿ ਕਰੀਬ 10 ਸਾਲ ਪਹਿਲਾਂ ਇਸੇ ਹਾਲ ’ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕਦਰਾਂ-ਕੀਮਤਾਂ ਦਾ ਜ਼ਿਕਰ ਕੀਤਾ ਸੀ ਜੋ ਭਾਰਤ ਅਤੇ ਫਿਜੀ ਨੂੰ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਬਾਕੀ ਦੁਨੀਆ ਨੂੰ ਫਿਜੀ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਇਸ ਤੋਂ ਪਹਿਲਾਂ ਰਾਸ਼ਟਰਪਤੀ ਮੁਰਮੂ ਦਾ ਸਟੇਟ ਹਾਊਸ ’ਚ ਰਾਸ਼ਟਰਪਤੀ ਕਟੋਨੀਵੇਰੇ ਨੇ ਸਵਾਗਤ ਕੀਤਾ ਜਿਥੇ ਦੋਵੇਂ ਆਗੂਆਂ ਨੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੁੱਦਿਆਂ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਸਿਟੀਵੇਨੀ ਰਾਬੂਕਾ ਨੇ ਵੀ ਮੁਰਮੂ ਨਾਲ ਮੁਲਾਕਾਤ ਕੀਤੀ। ਮੁਰਮੂ ਨੇ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ।