ਡਿਪਟੀ ਕਮਿਸ਼ਨਰ ਵੱਲੋਂ ਸੱਦਾ ਹਰ ਵਿਦਿਆਰਥੀ ਆਪਣੇ ਜੀਵਨ ਨੂੰ ਯਾਦਗਾਰੀ ਬਣਾਉਣ ਲਈ ਬੂਟੇ ਜਰੂਰ ਲਾਵੇ
-ਕਿਹਾ, ਮਨੁੱਖੀ ਗ਼ਲਤੀਆਂ ਕਰਕੇ ਵਾਤਾਵਰਣ ਹੋਇਆ ਗੰਧਲਾ, ਸਾਫ਼ ਕਰਨ ਲਈ ਬੂਟੇ ਲਾਉਣੇ ਜਰੂਰ
-ਪਟਿਆਲਾ ਜ਼ਿਲ੍ਹੇ ਅੰਦਰ 15 ਲੱਖ ਬੂਟੇ ਲਾਉਣ ਦੇ ਟੀਚੇ ‘ਚੋਂ 75 ਫੀਸਦੀ ਟੀਚਾ ਮੁਕੰਮਲ ਕੀਤਾ
-73ਵਾਂ ਵਣ ਮਹਾਂਉਤਸਵ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ‘ਚ ਮਨਾਇਆ
-ਡੀ.ਸੀ., ਚੇਅਰਮੈਨ ਸ਼ੇਰਮਾਜਰਾ, ਡੀ.ਐਫ.ਓ., ਸੰਯੁਕਤ ਕਮਿਸ਼ਨਰ ਤੇ ਈ.ਡੀ.ਸੀਜ ਨੇ ਲਾਏ ਬੂਟੇ
ਪਟਿਆਲਾ, 6 ਅਗਸਤ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਮਨਾਏ ਗਏ 73ਵੇਂ ਰਾਜ ਪੱਧਰੀ ਵਣ ਮਹਾਂਉਤਸਵ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਮੰਡਲ ਪਟਿਆਲਾ ਵੱਲੋਂ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਵਿਖੇ ਬੂਟੇ ਲਗਾਕੇ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਨੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਦੇ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ, ਏ.ਡੀ.ਸੀਜ ਡਾ. ਹਰਜਿੰਦਰ ਸਿੰਘ ਬੇਦੀ ਤੇ ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ । ਇਸ ਦੌਰਾਨ ਸਕੂਲੀ ਵਿਦਿਆਰਥੀਆਂ ਨਾਲ ਰੂਬਰੂ ਪ੍ਰੋਗਰਾਮ ਮੌਕੇ ਡਿਪਟੀ ਕਮਿਸ਼ਨਰ ਨੇ ਸੱਦਾ ਦਿੱਤਾ ਕਿ ਹਰੇਕ ਵਿਦਿਆਰਥੀ ਆਪਣੇ ਜੀਵਨ ਨੂੰ ਯਾਦਗਾਰੀ ਬਣਾਉਣ ਲਈ ਬੂਟੇ ਜਰੂਰ ਲਗਾਵੇ ਤੇ ਘੱਟੋ ਘੱਟ ਤਿੰਨ ਸਾਲ ਇਨ੍ਹਾਂ ਦੀ ਸੰਭਾਲ ਵੀ ਕਰੇ। ਉਨ੍ਹਾਂ ਕਿਹਾ ਕਿ ਸਾਡੀਆਂ ਗ਼ਲਤੀਆਂ ਕਰਕੇ ਹੀ ਸਾਡਾ ਵਾਤਾਵਰਨ ਖ਼ਤਰਨਾਕ ਹੱਦ ਤੱਕ ਗੰਧਲਾ ਹੋ ਚੁੱਕਾ ਹੈ, ਜਿਸ ਲਈ ਸਾਂਝੇ ਵਾਤਾਵਰਣ ਨੂੰ ਬਚਾਉਣ ਅਤੇ ਆਪਣੇ ਲਈ ਸਾਂਹ ਲੈਣ ਵਾਸਤੇ ਹਰੇਕ ਨਾਗਰਿਕ ਕੁਦਰਤ ਪ੍ਰਤੀ ਆਪਣਾ ਫ਼ਰਜ ਪਛਾਣਦੇ ਹੋਏ ਵੱਧ ਤੋਂ ਵੱਧ ਬੂਟੇ ਲਾਵੇ ਤੇ ਸੰਭਾਲੇ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅੰਦਰ ਸੇਵਾ ਦੀ ਭਾਵਨਾ ਤੇ ਵਾਤਾਵਰਣ ਦੀ ਸੰਭਾਲ ਦਾ ਰੁਝਾਨ ਪਹਿਲਾਂ ਹੀ ਮੌਜੂਦ ਹੈ ਪਰੰਤੂ ਇਸ ਨੂੰ ਮੁੜ ਤੋਂ ਜਗਾਉਣ ਦੀ ਲੋੜ ਹੈ ਤਾਂ ਹ ਅਸੀਂ ਆਪਣਾ ਵਾਤਾਵਰਣ ਆਪਣੀਆਂ ਅਗਲੀਆਂ ਪੀੜ੍ਹੀਆਂ ਲਈ ਬਚਾ ਸਕਾਂਗੇ।
ਸ਼ੌਕਤ ਅਹਿਮਦ ਪਰੇ ਨੇ ਆਖਿਆ ਕਿ ਵਣਾਂ ਹੇਠ ਰਕਬਾ ਦਿਨੋ-ਦਿਨ ਘੱਟ ਰਿਹਾ ਹੈ, ਜਿਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ਵਿੱਚ ਸਾਢੇ ਤਿੰਨ ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਅਤੇ ਇਸੇ ਤਹਿਤ ਜ਼ਿਲ੍ਹਾ ਪਟਿਆਲਾ ਵਿੱਚ ਵੀ 15 ਲੱਖ ਬੂਟੇ ਲਗਾਏ ਜਾਣੇ ਸਨ, ਜਿਸ ਵਿੱਚੋਂ ਕਰੀਬ 75 ਫੀਸਦੀ ਟੀਚਾ ਪੂਰਾ ਕਰਕੇ 12 ਲੱਖ ਬੂਟੇ ਲਗਾਏ ਜਾ ਚੁੱਕੇ ਹਨ। ਇਸ ਮੌਕੇ ਸਕੂਲੀ ਵਿਦਿਆਰਥਣਾਂ ਨੇ ਵਾਤਾਵਰਣ ਬਚਾਉਣ ਪ੍ਰਤੀ ਕਵਿਤਾ ਤੇ ਭਾਸ਼ਣ ਦੀ ਪੇਸ਼ਕਾਰੀ ਕੀਤੀ ਅਤੇ ਬੂਟੇ ਲਾਉਣ ਪ੍ਰਤੀ ਸੁਚੇਤ ਕਰਦੇ ਪੋਸਟਰ ਵੀ ਬਣਾਏ ਗਏ । ਸਮਾਗਮ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਸੁਖਦੇਵ ਸਿੰਘ, ਬੀ.ਡੀ.ਪੀ.ਓ. ਬਲਜੀਤ ਸਿੰਘ ਸੋਹੀ, ਵਣ ਰੇਂਜ ਅਫ਼ਸਰ ਸਵਰਨ ਸਿੰਘ, ਸਕੂਲ ਪ੍ਰਿੰਸੀਪਲ ਵਿਜੈ ਕਪੂਰ, ਲੈਕਚਰਾਰ ਸੁਖਵਿੰਦਰ ਸਿੰਘ, ਸਕੂਲ ਈਕੋ ਕਲੱਬ ਇੰਚਾਰਜ ਜਤਿੰਦਰਪਾਲ ਸਿੰਘ, ਰਣਜੀਤ ਸਿੰਘ ਬੀਰੋਕੇ, ਅਮਨਿੰਦਰ ਸਿੰਘ, ਕੋਚ ਅਮਰਜੋਤ ਸਿੰਘ, ਜਪਇੰਦਰਪਾਲ ਸਿੰਘ, ਪੁਸ਼ਵਿੰਦਰ ਕੌਰ, ਹਰਿੰਦਰ ਕੌਰ, ਸੁਖਵਿੰਦਰ ਕੌਰ, ਰਵਿੰਦਰ ਕੌਰ, ਪ੍ਰੀਤੀ ਗਰਗ, ਮਨਪ੍ਰੀਤ ਕੌਰ ਤੇ ਬਲਵਿੰਦਰ ਸਿੰਘ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ ।