ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਗਰਾਉਂ ਵਿਖੇ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ਦਾ ਲਿਆ ਗੰਭੀਰ ਨੋਟਿਸ
ਸਕੂਲੀ ਬੱਸ ਦੇ ਐਕਸੀਡੈਂਟ ਹੋਣ ਕਾਰਣ ਇੱਕ ਵਿਦਿਆਰਥੀ ਦੀ ਮੌਤ ਅਤੇ ਦੋ ਹੋਏ ਹਨ ਜਖ਼ਮੀ
ਕਿਹਾ, ਵਿਦਿਆਰਥੀਆਂ ਲਈ ਸੁਰੱਖਿਅਤ ਸਕੂਲ ਬੱਸਾਂ ਨੂੰ ਵਰਤਣਾ ਸਕੂਲ ਪ੍ਰਿੰਸੀਪਲ ਦੀ ਜਿੰਮੇਵਾਰੀ
ਚੰਡੀਗੜ੍ਹ, 6 ਅਗਸਤ : ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਜਗਰਾਉਂ ‘ਚ ਸਕੂਲ ਦੀ ਬੱਸ ਦੇ ਐਕਸੀਡੈਂਟ ਹੋਣ ਕਾਰਨ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋਣ ਅਤੇ ਦੋ ਵਿਦਿਆਰਥੀਆਂ ਦੇ ਜਖ਼ਮੀ ਹੋਣ ਦੇ ਮਾਮਲੇ ਸਬੰਧੀ ਮੀਡੀਆ ਦੀ ਖ਼ਬਰ ਦਾ ਸੂ-ਮੋਟੋ ਨੋਟਿਸ ਲਿਆ ਹੈ। ਇਸ ਘਟਨਾ ਸਬੰਧੀ ਸੀਨੀਅਰ ਪੁਲਿਸ ਕਪਤਾਨ, ਜਗਰਾਓ ਨੂੰ ਪੱਤਰ ਜਾਰੀ ਕਰਦੇ ਹੋਏ ਸਕੂਲ ਦੀ ਬੱਸ ਦੇ ਐਕਸੀਡੈਂਟ ਹੋਣ ਸਬੰਧੀ ਕਰਨਾ ਦੀ ਰਿਪੋਰਟ 8 ਅਗਸਤ ਤੱਕ ਮੰਗੀ ਗਈ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਜਗਰਾਉਂ ‘ਚ ਸਕੂਲੀ ਬੱਸ ਦੇ ਐਕਸੀਡੈਂਟ ਹੋਣ ਕਾਰਣ ਪਹਿਲੀ ਜਮਾਤ ਦੇ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਅਤੇ ਦੋ ਵਿਦਿਆਰਥੀਆਂ ਜਖ਼ਮੀ ਹੋ ਗਏ ਹਨ । ਉਨ੍ਹਾਂ ਕਿਹਾ ਕਿ ਸਕੂਲ ਬੱਸਾਂ ਸੇਫ਼ ਸਕੂਲ ਵਾਹਨ ਸਕੀਮ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ ਕਰਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਸ਼ਰਤਾਂ ਪੂਰੀਆਂ ਕਰਦੇ ਵਾਹਨਾਂ ਨੂੰ ਹੀ ਵਰਤਣਾ ਸਬੰਧਤ ਸਕੂਲ ਦੇ ਪ੍ਹਿੰਸੀਪਲ ਦੀ ਜ਼ਿੰਮੇਵਾਰੀ ਹੈ । ਚੇਅਰਮੈਨ ਨੇ ਅੱਗੇ ਦੱਸਿਆ ਕਿ ਜਗਰਾਉਂ ‘ਚ ਸਕੂਲ ਦੀ ਬੱਸ ਦੇ ਐਕਸੀਡੈਂਟ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਸੀਨੀਅਰ ਪੁਲਿਸ ਕਪਤਾਨ ਨੂੰ ਪੱਤਰ ਜਾਰੀ ਕੀਤਾ ਗਿਆ ਅਤੇ ਸਕੂਲ ਦੀ ਬੱਸ ਦੇ ਐਕਸ਼ੀਡੈਂਟ ਹੋਣ ਦੇ ਕਾਰਨਾ ਦੀ ਰਿਪੋਰਟ 8 ਅਗਸਤ 2024 ਤੱਕ ਮੰਗੀ ਗਈ ਹੈ ।