ਬੀ. ਐੱਸ. ਐੱਫ. ਦੇ ਇਸ ਰਵੱਈਏ ਪਿੱਛੇ ‘ਕੇਂਦਰ ਸਰਕਾਰ ਦਾ ਬਲੂ ਪ੍ਰਿੰਟ’ ਨਜ਼ਰ ਆ ਰਿਹਾ ਹੈ: ਮਮਤਾ ਬੈਨਰਜੀ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ’ਤੇ ਬੰਗਲਾਦੇਸ਼ ਤੋਂ ਘੁਸਪੈਠੀਆਂ ਨੂੰ ਭਾਰਤ ਅੰਦਰ ਦਾਖਲ ਹੋਣ ਦੇਣ ਅਤੇ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਬੀ. ਐੱਸ. ਐੱਫ. ਦੇ ਇਸ ਰਵੱਈਏ ਪਿੱਛੇ ‘ਕੇਂਦਰ ਸਰਕਾਰ ਦਾ ਬਲੂ ਪ੍ਰਿੰਟ’ ਨਜ਼ਰ ਆ ਰਿਹਾ ਹੈ।ਉਨ੍ਹਾਂ ਸੂਬਾ ਸਕੱਤਰੇਤ ’ਚ ਇੱਕ ਪ੍ਰਸ਼ਾਸਨਿਕ ਸਮੀਖਿਆ ਮੀਟਿੰਗ ’ਚ ਕਿਹਾ, ‘ਸਾਨੂੰ ਜਾਣਕਾਰੀ ਮਿਲੀ ਹੈ ਕਿ ਬੀ. ਐੱਸ. ਐੱਫ. ਇਸਲਾਮਪੁਰ, ਸਿਤਾਈ, ਚੋਪੜਾ ਤੇ ਹੋਰ ਸਰਹੱਦੀ ਇਲਾਕਿਆਂ ਤੋਂ ਘੁਸਪੈਠੀਆਂ ਨੂੰ ਭਾਰਤ ਅੰਦਰ ਦਾਖਲ ਹੋਣ ਦੇ ਰਹੀ ਹੈ। ਬੀ. ਐੱਸ. ਐੱਫ. ਲੋਕਾਂ ’ਤੇ ਜ਼ੁਲਮ ਵੀ ਕਰ ਰਹੀ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਪਿੱਛੇ ਕੇਂਦਰ ਸਰਕਾਰ ਦਾ ਬਲੂ ਪ੍ਰਿੰਟ ਹੈ ਪਰ ਗੁੰਡੇ ਭਾਰਤ ਅੰਦਰ ਦਾਖਲ ਹੋ ਰਹੇ ਰਹੇ ਹਨ। ਮੈਂ ਸਰਹੱਦ ਦੇ ਦੋਵੇਂ ਪਾਸੇ ਅਮਨ ਚਾਹੁੰਦੀ ਹਾਂ।ਗੁਆਂਢੀ ਬੰਗਲਾਦੇਸ਼ ਨਾਲ ਸਾਡੇ ਚੰਗੇ ਸਬੰਧ ਹਨ। ਉਨ੍ਹਾਂ ਡੀ. ਜੀ. ਪੀ. ਰਾਜੀਵ ਕੁਮਾਰ ਨੂੰ ਇਹ ਪਤਾ ਲਾਉਣ ਦਾ ਨਿਰਦੇਸ਼ ਦਿੱਤਾ ਕਿ ਘੁਸਪੈਠੀਏ ਕਿੱਥੇ ਰਹਿ ਰਹੇ ਹਨ ਅਤੇ ਕਿਹਾ ਕਿ ਉਹ ਕੇਂਦਰ ਨੂੰ ਸਖ਼ਤ ਸ਼ਬਦਾਂ ’ਚ ਪੱਤਰ ਲਿਖੇਗੀ। ਉਨ੍ਹਾਂ ਕਿਹ ਕਿ ਉਹ (ਬੀ. ਐੱਸ. ਐੱਫ.) ਇਸ ਲਈ ਤ੍ਰਿਣਾਮੂਲ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਮਤਾ ਬੈਨਰਜ਼ੀ ਨੇ ਕਿਹਾ ਕਿ ਉਹ ਡੀ. ਜੀ. ਪੀ. ਨੂੰ ਪਤਾ ਲਾਉਣ ਲਈ ਕਹਿਣਗੇ ਕਿ ਸੂਬੇ ਅੰਦਰ ਦਾਖਲ ਹੋਣ ਮਗਰੋਂ ਇਹ ਘੁਸਪੈਠੀਏ ਕਿੱਥੇ ਰਹਿ ਰਹੇ ਹਨ।