ਨਾਭਾ 17 ਅਪ੍ਰੈਲ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੁਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਨੇ ਬੀਤੇ ਦਿਨੀਂ ਦਿੱਲੀ ਵਿਖੇ ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਨਪਾਲ ਗੁੱਜਰ ਨਾਲ ਮੁਲਾਕਾਤ ਕਰਕੇ ਪਟਿਆਲਾ ਜ਼ਿਲ੍ਹੇ ਅੰਦਰ ਬੰਦ ਪਈ ਰੱਖੜਾ ਖੰਡ ਮਿਲ ਨੂੰ ਮੁੜ ਚਾਲੂ ਕਰਵਾਉਣ ਦੀ ਮੰਗ ਕੀਤੀ । ਇਸ ਸਬੰਧੀ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਭਾਜਪਾ ਆਗੂ ਨੇ ਮੰਗ ਕੀਤੀ ਕਿ 1986 ਵਿਚ ਸ਼ੁਰੂ ਹੋਈ ਇਸ ਖੰਡ ਮਿੱਲ ਨਾਲ ਪਟਿਆਲਾ ਸਮੇਤ ਸੰਗਰੂਰ, ਫ਼ਤਿਹਗੜ੍ਹ ਸਮੇਤ ਨੇੜਲੇ ਸੂਬੇ ਹਰਿਆਣਾ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿਚ ਸੌਖ ਰਹਿੰਦੀ ਸੀ । ਇਸ ਖੰਡ ਮਿਲ ਦੇ ਬੰਦ ਹੋਣ ਨਾਲ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਦਰਾਡੇ ਮਹਿੰਗੇ ਭਾਅ ਦਾ ਡੀਜਲ ਫੂਕਣ ਦੇ ਨਾਲ ਨਾਲ ਖੱਜਲ ਖੁਆਰੀ ਝੱਲਣੀ ਪੈਂਦੀ ਹੈ ।
ਕੇਂਦਰੀ ਮੰਤਰੀ ਵਲੋਂ ਮੁੱਦਾ ਅਮਿਤ ਸ਼ਾਹ ਦੇ ਧਿਆਨ ਵਿਚ ਲਿਆ ਕੇ ਢੁਕਵੀਂ ਕਾਰਵਾਈ ਆਰੰਭਣ ਦਾ ਭਰੋਸਾ
ਸ. ਢਿੱਲੋਂ ਨੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਇਸ ਖੰਡ ਮਿਲ ਲਈ ਰੱਖੜਾ ਪਿੰਡ ਨੇ 63.5 ਏਕੜ ਜ਼ਮੀਨ ਦਾਨ ਲਈ ਦਿੱਤੀ ਸੀ ਤਾਂ ਕਿ ਇਲਾਕੇ ਦੇ ਨੌਜਵਾਨਾਂ ਨੂੰ ਜਿਥੇ ਰੁਜ਼ਗਾਰ ਮੁਹੱਈਆ ਹੋ ਸਕੇ ਉਥੇ ਹੀ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਦੂਰ ਦਰਾਡੇ ਨਾ ਜਾਣਾ ਪਵੇ । 2004 ਵਿਚ ਬੰਦ ਹੋਈ ਇਸ ਖੰਡ ਮਿਲ ਦੀ ਬਿਲਡਿੰਗ ਨਾਮਾਤਰ ਮੁਰੰਮਤ ਮਗਰੋਂ ਕੰਮ ਵਿਚ ਲਿਆਂਦੀ ਜਾ ਸਕਦੀ ਹੈ ਅਤੇ ਕੇਂਦਰ ਦੀ ਕਿਸਾਨ ਭਲਾਈ ਨੀਤੀਆਂ ਤਹਿਤ ਇਸ ਖੰਡ ਮਿਲ ਨੂੰ ਮੁੜ ਚਾਲੂ ਕਰਕ ਇਲਾਕੇ ਦੇ ਗੰਨਾ ਕਾਸ਼ਤਾਰਾਂ ਨੂੰ ਵੱਡਾ ਲਾਭ ਪੁੱਜ ਸਕੇਗਾ ਅਤੇ ਪੜ੍ਹੇਲਿਖੇ ਯੋਗ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਹੋਵੇਗਾ ।
ਸ. ਢਿੱਲੋਂ ਨੇ ਕੇਂਦਰੀ ਮੰਤਰੀ ਤੋਂ ਮੰਗ ਕੀਤੀ ਗਈ ਇਸ ਖੰਡ ਮਿਲ ਨੂੰ ਮੁੜ ਚਾਲੂ ਕਰਵਾਉਣ ਲਈ ਇਕ ਟੀਮ ਗਠਿਤ ਕਰਕੇ ਉਹ ਰੱਖੜਾ ਵਿਖੇ ਭੇਜਣ ਤਾਂਕਿ ਇਸ ਪ੍ਰੋਜੈਕਟ ਨੂੰ ਮੁੜ ਸ਼ੁਰੂ ਕਰਵਾਉਣ ਲਈ ਡਿਟੇਲ ਪ੍ਰੋਜੈਕਟ ਰਿਪੋਰਟ ਤਿਆਰ ਹੋ ਕੇ ਅਤੇ ਇਸ ਖੰਡ ਮਿਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ । ਕੇਂਦਰੀ ਮੰਤਰੀ ਸ੍ਰੀ ਗੁੱਜਰ ਨੇ ਸ. ਢਿੱਲੋਂ ਦੀ ਮੰਗ ਨੂੰ ਧਿਆਨ ਨਾਲ ਸੁਣਿਆ ਅਤੇ ਮੰਗ ਨੂੰ ਜਾਇਜ਼ ਠਹਿਰਾਉਂਦਿਆਂ ਭਰੋਸਾ ਦਿਵਾਇਆ ਕਿ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਕੱਢਣ ਦੇ ਮੰਤਵ ਨਾਲ ਇਸ ਮਿੱਲ ਨੂੰ ਮੁੜ ਚਾਲੂ ਕਰਵਾਉਣ ਲਈ ਯੋਗ ਕਾਰਵਾਈ ਅਮਲ ਵਿਚ ਲਿਆਉਣਗੇ ਅਤੇ ਇਸ ਮੁੱਦੇ ਨੂੰ ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ।



