ਅਮਨ ਅਰੋੜਾ ਦੇ ਘਰ ਅੱਗੇ 2100 ਝਾੜੂ ਫੂਕ ਕੇ ਕੰਪਿਊਟਰ ਅਧਿਆਪਕ ਮਨਾਉਣਗੇ ਝੂਠੇ ਵਾਅਦਿਆਂ ਦੀ ਲੋਹੜੀ

ਅਮਨ ਅਰੋੜਾ ਦੇ ਘਰ ਅੱਗੇ 2100 ਝਾੜੂ ਫੂਕ ਕੇ ਕੰਪਿਊਟਰ ਅਧਿਆਪਕ ਮਨਾਉਣਗੇ ਝੂਠੇ ਵਾਅਦਿਆਂ ਦੀ ਲੋਹੜੀ

ਅਮਨ ਅਰੋੜਾ ਦੇ ਘਰ ਅੱਗੇ 2100 ਝਾੜੂ ਫੂਕ ਕੇ ਕੰਪਿਊਟਰ ਅਧਿਆਪਕ ਮਨਾਉਣਗੇ ਝੂਠੇ ਵਾਅਦਿਆਂ ਦੀ ਲੋਹੜੀ
ਪਟਿਆਲਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਵੱਖ ਵੱਖ ਐਲਾਨ ਕੀਤੇ ਗਏ ਹਨ ਪਰ ਸਰਕਾਰ ਬਣਨ ਦੇ 3 ਸਾਲ ਬਾਅਦ ਵੀ ਕੰਪਿਊਟਰ ਅਧਿਆਪਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ, ਜਿਸ ਮਗਰੋਂ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਬੈਨਰ ਹੇਠ ਸੂਬੇ ਬਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ 1 ਸਤੰਬਰ 2024 ਨੂੰ ਸ਼ੁਰੂ ਕੀਤੀ ਗਈ ਲੜੀਵਾਰ ਭੁੱਖ ਹੜਤਾਲ ਅਤੇ 22 ਦਸੰਬਰ ਤੋਂ ਜਰੀ ਕੰਪਿਊਟਰ ਅਧਿਆਪਕਾਂ ਦੇ ਮਰਨ ਵਰਤ ਰੂਪੀ ਸੰਘਰਸ਼ ਹੁਣ ਦਿਨੋਂ ਦਿਨ ਤੇਜ ਹੁੰਦਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵੱਖ ਵੱਖ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੰਪਿਊਟਰ ਅਧਿਆਪਕਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਲੜੀ ਦੇ ਅਧੀਨ ਬੀਤੀ 5 ਦਸੰਬਰ ਨੂੰ ਕੰਪਿਊਟਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰਦੇ ਹੋਏ 11 ਜਨਵਰੀ ਨੂੰ ‘ਆਪ’ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਅੱਗੇ ‘ਆਪ’ ਦੇ ਚੋਣ ਨਿਸ਼ਾਨ ਦਾ ਪ੍ਰਤੀਕ 2100 ਝਾੜੂ ਫੁਕ ਕੇ ਝੂਠੇ ਵਾਅਦਿਆਂ ਦੀ ਲੋਹੜੀ ਮਨਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਆਗੂ ਪਰਮਵੀਰ ਸਿੰਘ ਪੰਮੀ, ਪ੍ਰਦੀਪ ਕੁਮਾਰ ਮਲੂਕਾ, ਲਖਵਿੰਦਰ ਸਿੰਘ, ਊਧਮ ਸਿੰਘ ਡੋਗਰਾ, ਗੁਰਬਖਸ਼ ਲਾਲ, ਬਲਜੀਤ ਸਿੰਘ, ਰਾਕੇਸ਼ ਸੈਣੀ, ਰਜਵੰਤ ਕੌਰ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਪ੍ਰਤੀ ਇੰਨੀ ਅਸੰਵੇਦਨਸ਼ੀਲ ਹੋ ਗਈ ਹੈ ਕਿ ਮਰਨ ਵਰਤ ਤੇ ਬੈਠੇ ਉਨ੍ਹਾਂ ਦੇ ਸਾਥੀ ਨੂੰ 2 ਜਨਵਰੀ ਦੀ ਰਾਤ ਨੂੰ ਪੁਲਿਸ ਵੱਲੋਂ ਜਬਰਨ ਚੁੱਕ ਕੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਜਿੱਥੇ ਉਹ ਜੇਰੇ ਇਲਾਜ ਹੋਣ ਦੇ ਬਾਵਜੂਦ ਵੀ ਮਰਨ ਵਰਤ ਤੇ ਡਟਿਆ ਹੋਇਆ ਹੈ ਅਤੇ ਉਸਦੇ ਨਾਲ ਹੀ ਉਨਾਂ ਦਾ ਦੂਜਾ ਸਾਥੀ ਕਾਮਰੇਡ ਰਣਜੀਤ ਸਿੰਘ ਸੰਗਰੂਰ ਦੇ ਡੀਸੀ ਦਫਤਰ ਅੱਗੇ ਮਰਨ ਵਰਤ ਤੇ ਡਟਿਆ ਹੋਇਆ ਹੈ। ਉਹਨਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਿਨਟ ਮੰਤਰੀ ਅਮਨ ਅਰੋੜਾ ਦੇ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਦਾ ਸਿੱਟਾ ‘ਢੱਕ ਦੇ ਤਿੰਨ ਪੱਤ ਵਾਲਾ’ ਹੀ ਰਿਹਾ ਹੈ। ਇਹਨਾਂ ਮੰਤਰੀਆਂ ਤੋਂ ਉਹਨਾਂ ਨੂੰ ਝੂਠੇ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਹਿਣੀ ਅਤੇ ਕਰਨੀ ਵਿੱਚ ਜਮੀਨ ਆਸਮਾਨ ਦਾ ਅੰਤਰ ਹੈ। ਵੋਟਾਂ ਵੇਲੇ ਉਨਾਂ ਦੀਆਂ ਮੰਗਾਂ ਦਾ ਸਮਰਥਨ ਕਰਨ ਵਾਲੇ ‘ਆਪ’ ਅੱਜ ਉਨਾਂ ਮੰਗਾਂ ਤੋਂ ਹੀ ਪਾਸਾ ਵੱਟ ਰਹੇ ਹਨ। ਕੰਪਿਊਟਰ ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਲਾਭ ਬਹਾਲ ਕਰਦੇ, ਛੇਵੇਂ ਪੇ ਕਮਿਸ਼ਨ ਦਾ ਲਾਭ ਦੇ ਕੇ ਬਿਨਾ ਸ਼ਰਤ ਸਿੱਖਿਆ ਵਿਭਾਗ ਵਿਚ ਮਰਜ ਕਰਨਾ ਸ਼ਾਮਿਲ ਹੈ ਨੂੰ ਮੰਨ ਨਹੀਂ ਲਿਆ ਜਾਂਦਾ ਉਦੋਂ ਤੱਕ ਉਹਨਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ। ਅਧਿਆਪਕਾਂ ਨੇ ਸਪਸ਼ਟ ਕੀਤਾ ਕੀ ਉਹ ਆਪਣੇ ਹੱਕਾਂ ਦੀ ਪ੍ਰਾਪਤੀ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾਉਣ ਤੋਂ ਵੀ ਪਿੱਛੇ ਨਹੀਂ ਹਟਣਗੇ ਅਤੇ ਹੁਣ ਮਰਨ ਵਰਤ ਤੇ ਬੈਠਣ ਦੇ ਲਈ ਪੂਰਾ ਕੈਡਰ ਤਿਆਰ ਹੈ।

Leave a Comment

Your email address will not be published. Required fields are marked *

Scroll to Top