ਡਾ. ਮਨਮੋਹਨ ਸਿੰਘ ਜਿੱਥੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ, ਉੱਥੇ ਉਹ ਕੌਮੀ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਗੀ ਵੀ ਕਰਦੇ ਸਨ : ਰਾਣਾ ਕੇ. ਪੀ. ਸਿੰਘ
ਰੂਪਨਗਰ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਜਿੱਥੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ, ਉੱਥੇ ਉਹ ਕੌਮੀ ਘੱਟ ਗਿਣਤੀ ਲੋਕਾਂ ਦੀ ਨੁਮਾਇੰਦਗੀ ਵੀ ਕਰਦੇ ਸਨ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਥਾਂ ਨਾ ਦੇਣਾ ਵੱਡੀ ਨਲਾਇਕੀ ਹੈ। ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਆਖੀ । ਰਾਣਾ ਕੇ. ਪੀ. ਸਿੰਘ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਮੌਤ ਨਾਲ ਦੇਸ਼ ਤੇ ਕਾਂਗਰਸ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਰੁਲ ਰਿਹਾ ਹੈ ਪਰ ਕੇਂਦਰ ਸਰਕਾਰ ਚੁੱਪ ਹੈ। ਕਾਂਗਰਸ ਦੀ ਸਰਕਾਰ ਸਮੇਂ ਕਿਸਾਨਾਂ ਦੀ ਹਰੇਕ ਗੱਲ ’ਤੇ ਪਹਿਰਾ ਦਿੱਤਾ ਜਾਂਦਾ ਸੀ। ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੇ ਹੀ 10 ਫਸਲਾਂ ’ਤੇ ਸਮਰੱਥਨ ਮੁੱਲ ਦਿੱਤਾ ਤੇ ਕਿਸੇ ਕਿਸਾਨ ਨੂੰ ਮੰਡੀਆ ਵਿਚ ਰਾਤ ਨਹੀਂ ਕੱਟਣ ਦਿੱਤੀ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਦੋਂ ਪੰਜਾਬ ਵਿਚ ਸਰਕਾਰ ਸੀ ਤਾਂ ਕੋਵਿਡ ਵੀ ਆਇਆ ਪਰ ਜਿਸ ਤਰ੍ਹਾਂ ਨਾਲ ਦੁਨੀਆ ਵਿਚ ਲੋਕਾਂ ਦੀ ਮੌਤ ਹੋਈ, ਉਸ ਦੇ ਬਰਾਬਰ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਪੁਖ਼ਤਾ ਇੰਤਜ਼ਾਮਾਂ ਦੀ ਬਦੌਲਤ ਮੌਤਾਂ ਦੀ ਗਿਣਤੀ ਵੀ ਘੱਟ ਰਹੀ ਤੇ ਆਰਥਿਕ ਸੰਕਟ ਵੀ ਘੱਟ ਰਿਹਾ ਹੈ । ਰਾਣਾ ਕੇ. ਪੀ .ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਖਿਲਾਫ਼ ਇੰਨਾ ਕੂੜ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਇਵੇਂ ਲੱਗਾ ਕਿ ਇਹ ਕੁਝ ਕਰਨਗੇ ਪਰ ਪੰਜਾਬ ਦੇ ਲੋਕਾਂ ਨੂੰ ਪਤਾ ਆਪ ਸਰਕਾਰ ਦਾ ਥੋੜ੍ਹੇ ਸਮੇਂ ਵਿਚ ਹੀ ਲੱਗ ਗਿਆ ਕਿ ਹੁਣ ਪਿੰਡਾਂ ਦੀਆਂ ਸੱਥਾਂ ਵਿਚ ਗੱਲਾਂ ਹੁੰਦੀਆਂ ਨੇ ‘ਭਾਈ 2022 ਵਾਲੀ ਗਲਤੀ ਹੁਣ 2027 ਵਿਚ ਨ੍ਹੀਂ ਕਰਨੀ, ਮੇਰਾ ਵਿਸ਼ਵਾਸ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ।