ਈ. ਪੀ. ਐੱਫ. ਓ. ਨੇ ਕੀਤਾ ਦੇਸ਼ ਵਿਚ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ ਲਾਗੂ ਕਰਨ ਦਾ ਕੰਮ ਪੂਰਾ
ਨਵੀਂ ਦਿੱਲੀ : ਕਰਮਚਾਰੀ ਪ੍ਰੋਵੀਡੈਂਟ ਫੰਡ ਸੰਗਠਨ (ਈ. ਪੀ. ਐੱਫ. ਓ.) ਦੇ ਪੈਨਸ਼ਨਰ ਹੁਣ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ। ਈ. ਪੀ. ਐੱਫ. ਓ. ਨੇ ਦੇਸ਼ ਭਰ ਵਿੱਚ ਆਪਣੇ ਸਾਰੇ ਖੇਤਰੀ ਦਫ਼ਤਰਾਂ ਵਿੱਚ ਕੇਂਦਰੀਕ੍ਰਿਤ ਪੈਨਸ਼ਨ ਭੁਗਤਾਨ ਪ੍ਰਣਾਲੀ (ਸੀ. ਪੀ. ਪੀ. ਐੱਸ.) ਲਾਗੂ ਕਰਨ ਦਾ ਕੰਮ ਪੂਰਾ ਕਰ ਲਿਆ ਹੈ । ਕਿਰਤ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ 68 ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਲਾਭ ਹੋਵੇਗਾ । ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਸੀ. ਪੀ. ਪੀ. ਐੱਸ. ਮੌਜੂਦਾ ਪੈਨਸ਼ਨ ਵੰਡ ਪ੍ਰਣਾਲੀ ਜੋ ਕਿ ਵਿਕੇਂਦਰੀਕ੍ਰਿਤ ਹੈ, ਤੋਂ ਇਕ ਆਦਰਸ਼ ਬਦਲਾਅ ਹੈ। ਇਸ ਵਿੱਚ ਈ. ਪੀ. ਐੱਫ. ਓ. ਦਾ ਹਰੇਕ ਜ਼ੋਨਲ/ਖੇਤਰੀ ਦਫ਼ਤਰ ਸਿਰਫ਼ ਤਿੰਨ-ਚਾਰ ਬੈਂਕਾਂ ਨਾਲ ਵੱਖ-ਵੱਖ ਸਮਝੌਤੇ ਕਰਦਾ ਹੈ । ਸੀ. ਪੀ. ਪੀ. ਐੱਸ. ਤਹਿਤ, ਲਾਭਪਾਤਰੀ ਕਿਸੇ ਵੀ ਬੈਂਕ ਤੋਂ ਪੈਨਸ਼ਨ ਕਢਵਾ ਸਕਣਗੇ ਅਤੇ ਪੈਨਸ਼ਨ ਸ਼ੁਰੂ ਹੋਣ ਸਮੇਂ ਤਸਦੀਕ ਲਈ ਬੈਂਕ ਜਾਣ ਦੀ ਲੋੜ ਨਹੀਂ ਹੋਵੇਗੀ । ਰਾਸ਼ੀ ਜਾਰੀ ਹੋਣ ’ਤੇ ਤੁਰੰਤ ਜਮ੍ਹਾਂ ਕਰ ਦਿੱਤੀ ਜਾਵੇਗੀ । ਬਿਆਨ ਵਿੱਚ ਕਿਹਾ ਗਿਆ ਹੈ ਕਿ ਜਨਵਰੀ 2025 ਤੋਂ ਸੀ. ਪੀ. ਪੀ. ਐੱਸ. ਪ੍ਰਣਾਲੀ ਪੂਰੇ ਭਾਰਤ ਵਿੱਚ ਪੈਨਸ਼ਨ ਦਾ ਵੇਰਵਾ ਯਕੀਨੀ ਬਣਾਏਗੀ ।