ਮਿੰਨੀ ਸਕੱਤਰੇਤ ਵਿਖੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਹੋਈ ਇਕੱਤਰਤਾ
22 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਸਬੰਧੀ ਫੈਸਲਾ ਕਰੇਗੀ ਸੂਬਾ ਜਥੇਬੰਦੀ : ਧਾਲੀਵਾਲ, ਬੋਬੀ
ਪਟਿਆਲਾ : ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਲਈ ਜਾਰੀ ਹਦਾਇਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ਤੇ ਲਾਗੂ ਨਾ ਹੋਣ ਕਾਰਨ ਰੋਸ ਜ਼ਾਹਿਰ ਕਰਨ ਲਈ ਜ਼ਿਲ੍ਹਾ ਪਟਿਆਲਾ ਦੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਮਿੰਨੀ ਸਕੱਤਰੇਤ ਵਿਖੇ ਇਕੱਤਰ ਹੋਏ । ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ ਅਤੇ ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੋਬੀ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ ਉਤਰਾਧਿਕਾਰੀ ਐਸੋਸੀਏਸ਼ਨ ਪੰਜਾਬ ਰਜਿ ਨੰ 234 ਦੇ ਬੈਨਰ ਹੇਠ ਅੱਜ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਸਨਮਾਨ ਸਹੂਲਤਾਂ ਅਤੇ ਮਾਣ ਸਨਮਾਨ ਦੀ ਬਹਾਲੀ ਲਈ ਅੱਜ ਇਕੱਤਰ ਹੋਏ ਹਨ। ਅੱਜ ਦੀ ਇਕੱਤਰਤਾ ਦੌਰਾਨ ਪਰਿਵਾਰਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਸਬੰਧੀ ਮਹੀਨੇਵਾਰ ਮੀਟਿੰਗ ਕਰਵਾਉਣ ਲਈ ਏ. ਡੀ. ਸੀ. ਇਸ਼ਾ ਸਿੰਘਲ ਨੂੰ ਆਗੂਆਂ ਵੱਲੋਂ ਮੈਮੋਰੰਡਮ ਦਿੱਤਾ ਗਿਆ । ਰੋਸ ਜ਼ਾਹਿਰ ਕਰਦੇ ਹੋਏ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਸਦਕਾ ਪ੍ਰਸ਼ਾਸਨਿਕ ਅਧਿਕਾਰੀ ਕੁਰਸੀਆਂ ਦਾ ਨਿੱਘ ਮਾਣ ਰਹੇ ਹਨ । ਸਰਕਾਰੀ ਦਫ਼ਤਰਾਂ ਵਿੱਚ ਪਹੁੰਚੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਮਾਣ ਸਨਮਾਨ ਦੀ ਜ਼ਿਮੇਵਾਰੀ ਮੋਜੂਦਾ ਪ੍ਰਸ਼ਾਸਨ ਹੈ । ਮਾਣ ਸਨਮਾਨ ਦੀ ਬਹਾਲੀ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। 26 ਜਨਵਰੀ ਦੇ ਸਰਕਾਰੀ ਸਮਾਗਮਾਂ ਵਿੱਚ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸ਼ਮੂਲੀਅਤ ਕਰਨ ਸਬੰਧੀ ਫੈਸਲਾ 22 ਜਨਵਰੀ ਦੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ । ਜ਼ਿਲ੍ਹਾ ਜਥੇਬੰਦੀ ਵੱਲੋਂ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਕਿ ਪਰਿਵਾਰਾਂ ਵਲੋਂ ਦਿੱਤਿਆਂ ਦਰਖਾਸਤਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ ਅਤੇ ਦੇਰੀ ਕਰਨ ਵਾਲੇ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ । ਇਸ ਮੌਕੇ ਸੂਬਾ ਜਰਨਲ ਸਕੱਤਰ ਇੰਦਰਪਾਲ ਸਿੰਘ ਧਾਲੀਵਾਲ ਸੋਨੀ, ਜ਼ਿਲ੍ਹਾ ਪ੍ਰਧਾਨ ਅਮਰਪ੍ਰੀਤ ਸਿੰਘ ਬੋਬੀ, ਗੁਰਇਕਬਾਲ ਸਿੰਘ ਸੰਧੂ, ਕਮਲਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ,ਪਰਮਜੀਤ ਸਿੰਘ, ਹਰਦੀਪ ਸਿੰਘ, ਰਾਜਿੰਦਰ ਸਿੰਘ ਵਡੇਰਾ ਉਤਰਾਧਿਕਾਰੀ ਸ਼ਾਮਲ ਹੋਏ ।