ਸਰਹੱਦ ਪਾਰ ਲੈਣ-ਦੇਣ ਲਈ ਸਥਾਨਕ ਕਰੰਸੀਆਂ ਦੀ ਵਰਤੋਂ ਨੂੰ ਹੁਲਾਰਾ ਦੇਣ ਦੀ ਰੂਪਰੇਖਾ ’ਤੇ ਦਸਤਖ਼ਤ ਕੀਤੇ ਗਏ ਹਨ : ਜੈਸ਼ੰਕਰ
ਨਵੀਂ ਦਿੱਲੀ : ਭਾਰਤ ਤੇ ਮਾਲਦੀਵ ਨੇ ਸਰਹੱਦ ਪਾਰ ਵਪਾਰ ਲਈ ਸਥਾਨਕ ਕਰੰਸੀਆਂ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਇੱਕ ਰੂਪਰੇਖਾ ਨੂੰ ਅੰਤਿਮ ਰੂਪ ਦਿੱਤਾ ਹੈ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਹਮੇਸ਼ਾ ਮਾਲਦੀਵ ਨਾਲ ਖੜ੍ਹਾ ਹੈ । ਜੈਸ਼ੰਕਰ ਨੇ ਦਿੱਲੀ ’ਚ ਮਾਲਦੀਵ ਦੇ ਆਪਣੇ ਹਮਰੁਤਬਾ ਅਬਦੁੱਲ੍ਹਾ ਖਲੀਲ ਨਾਲ ਮੀਟਿੰਗ ’ਚ ਇਹ ਟਿੱਪਣੀ ਕੀਤੀ । ਸਮੁੰਦਰੀ ਸੁਰੱਖਿਆ, ਵਪਾਰ ਤੇ ਨਿਵੇਸ਼ ਸਮੇਤ ਕਈ ਅਹਿਮ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਢੰਗਾਂ ’ਤੇ ਚਰਚਾ ਲਈ ਖਲੀਲ ਬੀਤੇ ਦਿਨ ਤਿੰਨ ਰੋਜ਼ਾ ਯਾਤਰਾ ’ਤੇ ਇੱਥੇ ਪੁੱਜੇ ਹਨ । ਜੈਸ਼ੰਕਰ ਨੇ ਕਿਹਾ ਕਿ ਸਰਹੱਦ ਪਾਰ ਲੈਣ-ਦੇਣ ਲਈ ਸਥਾਨਕ ਕਰੰਸੀਆਂ ਦੀ ਵਰਤੋਂ ਨੂੰ ਹੁਲਾਰਾ ਦੇਣ ਦੀ ਰੂਪਰੇਖਾ ’ਤੇ ਦਸਤਖ਼ਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਅਸੀਂ ਵੱਖ ਵੱਖ ਖੇਤਰਾਂ ’ਚ ਆਪਣੀ ਭਾਗੀਦਾਰੀ ਵਧਾਈ ਹੈ ਅਤੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਹਮੇਸ਼ਾ ਮਾਲਦੀਵ ਨਾਲ ਖੜ੍ਹਾ ਹੈ। ਤੁਸੀਂ ਸਾਡੀ ‘ਗੁਆਂਢ ਪਹਿਲਾਂ’ ਦੀ ਨੀਤੀ ਤਹਿਤ ਬਹੁਤ ਮਹੱਤਵ ਰੱਖਦੇ ਹੋ।ਜਿ਼ਕਰਯੋਗ ਹੈ ਕਿ ਮਾਲਦੀਵ ਹਿੰਦ ਮਹਾਸਾਗਰ ਖੇਤਰ ’ਚ ਭਾਰਤ ਦੇ ਅਹਿਮ ਸਮੁੰਦਰੀ ਗੁਆਂਢੀਆਂ ’ਚੋਂ ਇੱਕ ਹੈ ਅਤੇ ਰੱਖਿਆ ਤੇ ਸੁਰੱਖਿਆ ਖੇਤਰਾਂ ਸਮੇਤ ਸਾਰੇ ਦੁਵੱਲੇ ਸਬੰਧਾਂ ’ਚ ਮਾਲੇ ਦੀ ਪਿਛਲੀ ਸਰਕਾਰ ਤਹਿਤ ਪ੍ਰਗਤੀ ਦੇਖੀ ਗਈ ।