ਅਕਾਲੀ ਦਲ ਦੇ ਖਿਲਾਫ਼ ਜਥੇਦਾਰ ਸਾਹਿਬ ਦਾ ਹੁਕਮ ਲੋਕ ਪ੍ਰਵਾਨਤ ਨਹੀਂ : ਲਵਲੀ
ਅੱਜ ਦੇ ਸਮੇਂ ਬਿਜੇਈ ਖਾਲਸਾ ਬਣ ਚੁੱਕਾ ਹੈ ਜਿਸ ਪਿਛੇ ਬੀ. ਜੇ. ਪੀ. ਹੈ
ਪਟਿਆਲਾ : ਕੌਮੀ ਮੀਤ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਕੁਲਵਿੰਦਰ ਸਿੰਘ ਲਵਲੀ ਨੇ ਪ੍ਰੈਸ ਮੀਟਿੰਗ ਦੌਰਾਨ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 7 ਮੈਂਬਰੀ ਕਮੇਟੀ ਨੂੰ ਸ. ਸੁਖਬੀਰ ਸਿੰਘ ਬਾਦਲ ਦਾ ਰਾਜਨੀਤੀ ਤੌਰ ’ਤੇ ਪਾਰਟੀ ਤੋਂ ਅਸਤੀਫ਼ਾ ਮਨਜ਼ੂਰ ਕਰਨ ਲਈ ਕਿਹਾ ਜੋ ਕਿ ਇਨ੍ਹਾਂ ਦੇ ਦਾਇਰੇ ਵਿਚ ਨਹੀਂ ਆਉਦਾ। ਇਹ ਰਜਨੀਤਿਕ ਵਿੰਗ ਦਾ ਕੰਮ ਹੈ ਅਤੇ ਅਕਾਲੀ ਦਲ ਦੇ ਖਿਲਾਫ਼ ਜਥੇਦਾਰ ਦਾ ਇਹ ਹੁਕਮ ਲੋਕ ਪ੍ਰਵਾਨਤ ਨਹੀਂ, ਜਿਸ ਨਾਲ ਪਾਰਟੀ ਦੀ ਮਾਨਤਾ ਰੱਦ ਹੁੰਦੀ ਹੈ, ਕਾਨੂੰਨੀ ਪ੍ਰਕਿ੍ਰਆ ਵਿਚ ਸਭ ਖ਼ਤਮ ਹੁੰਦਾ ਹੈ ਜੋ ਕਿ ਵਿਰੋਧੀ ਪਾਰਟੀਆਂ ਚਾਹੁੰਦੀਆਂ ਹਨ ਕਿ ਅਕਾਲੀ ਦਲ ਖ਼ਤਮ ਹੋ ਜਾਵੇ। ਉਸ ਨੂੰ ਕਰਨ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕਿਉ ਤੂਲ ਦੇ ਰਹੇ ਹਨ । ਜਥੇਦਾਰ ਸਨਮਾਨਯੋਗ ਹਨ ਪਰ ਕਈ ਗਲ੍ਹਾਂ ਜਥੇਦਾਰ ਸਾਹਿਬ ਨੂੰ ਸਵਾਲਾਂ ਵਿਚ ਖੜ੍ਹਾ ਕਰਦੀਆਂ ਹਨ ਅਤੇ ਕਿਸੇ ਸ਼ਕਤੀ ਦੇ ਹੱਥ ਵਿਚ ਖੇਡਣਾ ਦਰਸਾਉਦੀਆਂ ਹਨ, ਜੇਕਰ ਕੱਲ੍ਹ ਨੂੰ ਅਕਾਲੀ ਦਲ ਦੀ ਸਰਕਾਰ ਆਉਦੀ ਹੈ ਤਾਂ ਜਥੇਦਾਰ ਸਾਹਿਬ ਕਹਿਣਗੇ ਕਿ ਮੁੱਖ ਮੰਤਰੀ ਵੀ ਮੈਂ ਚੁਣਾਂਗਾ ।
ਉਨ੍ਹਾਂ ਕਿਹਾ ਇਤਿਹਾਸ ਦਾ ਇਕ ਸਮਾਂ ਸੀ ਜਦੋਂ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਤੱਤ ਖਾਲਸਾ ਅਤੇ ਬੰਦਈ ਖਾਲਸਾ ਆਪਸ ਵਿਚ ਹਰਿਮੰਦਰ ਸਾਹਿਬ ਵਿਖੇ ਲੜਨ ਲਈ ਆਹਮੋ ਸਾਹਮਣੇ ਹੋ ਗਏ। ਤੱਤ ਖ਼ਾਲਸਾ ਦੀ ਜਿੱਤ ਹੋਈ । ਹੁਣ ਅੱਜ ਦੇ ਸਮੇਂ ਬਿਜੇਈ ਖਾਲਸਾ ਬਣ ਚੁੱਕਾ ਹੈ, ਜਿਸ ਦੇ ਪਿਛੇ ਬੀ. ਜੇ. ਪੀ. ਹੈ, ਜਿਸ ਦਾ ਮਕਸਦ ਅਕਾਲੀ ਦਲ ਦੀ ਮਾਨਤਾ ਕਾਨੂੰਨੀ ਤੌਰ ’ਤੇ ਰੱਦ ਕਰਨਾ ਹੈ । ਜਿਸ ਤਰ੍ਹਾਂ ਕਿ ਮਹਾਰਾਸ਼ਟਰ ਵਿਚ ਹੋਇਆ ਹੈ । ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਨਹੀਂ ਕਰਨਾ ਚਾਹੀਦਾ । ਬਾਦਲ ਇਕ ਚੰਗਾ ਵਿਅਕਤੀ ਹੋਣ ਦੇ ਨਾਅਤੇ ਇਕ ਸਮਰੱਥ ਵਿਅਕਤੀ ਵੀ ਹੈ ਜੋ ਕਿ ਅਕਾਲੀ ਦਲ ਨੂੰ ਸਹੀ ਦਿਸ਼ਾ ਵਿੱਚ ਚਲਾ ਸਕਦਾ ਹੈ ।
ਉਨ੍ਹਾਂ ਕਿਹਾ ਕਿ 7 ਮੈਂਬਰੀ ਕਮੇਟੀ ਕੁਝ ਬੁੱਧੀਜੀਵੀਆਂ ਨੂੰ ਜਿਵੇਂ ਬੁੱਢਾ ਦਲ, ਤਰੁਨਾ ਦਲ, ਦਮਦਮੀ ਟਕਸਾਲ ਅਤੇ ਹੋਰ ਕਈ ਧਾਰਮਿਕ ਸੰਸਥਾਵਾਂ ਨਾਲ ਸੰਪਰਕ ਕਰਕੇ ਇਕ ਕਮੇਟੀ ਬਣਾਵੇ ਜੋ ਇਸ ਮਾਮਲੇ ਦੀ ਪੜਚੋਲ ਕਰਕੇ ਮਸਲਾ ਹੱਲ ਕਰੇ ਕਿਉਕਿ ਸਮੇਂ ਸਮੇਂ ’ਤੇ ਦਿੱਲੀ ਦੇ ਬਾਦਸ਼ਾਹ ਸਿੱਖ ਧਰਮ ਨੂੰ ਆਪਣੇ ਹੱਥਾਂ ਵਿਚ ਲੈਣ ਦੀ ਖ਼ਾਤਰ ਕਈ ਹੱਥਕੰਢੇ ਅਪਣਾਉਦੇ ਆ ਰਹੇ ਹਨ ਸਾਨੂੰ ਸੁਚੇਤ ਹੋਣ ਦੀ ਲੋੜ ਹੈ । ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਫੈਸਲੇ ’ਤੇ ਗ਼ੌਰ ਕਰਨ ਅਤੇ ਅਕਾਲੀ ਦਲ ਬਨਾਮ ਸ੍ਰੀ ਅਕਾਲ ਤਖ਼ਤ ਸਾਹਿਬ ਨਾ ਬਣਾਉਣ । ਉਨ੍ਹਾਂ ਕਿਹਾ ਜੇ ਕੱਲ੍ਹ ਨੂੰ ਬੀ. ਜੇ. ਪੀ. ਅਕਾਲੀ ਦਲ ਗਠਜੋੜ ਹੋ ਜਾਂਦਾ ਹੈ ਤਾਂ ਸਾਰੇ ਮਸਲੇ ਖ਼ਤਮ ਹੋ ਜਾਣਗੇ । ਇਸ ਮੌਕੇ ਲਵਲੀ ਨੇ ਕਿਹਾ ਕਿ ਮੇਲਾ ਮਾਘੀ ’ਤੇ ਅਕਾਲੀ ਦਲ ਦੀ ਕਾਨਫਰੰਸ ਪਟਿਆਲਾ ਤੋਂ ਨੌਜਵਾਨ ਜਾਣਗੇ ।