ਮਨੀਪੁਰ ਦੇ ਇੰਫਾਲ ਦੇ ਪੱਛਮੀ ਜਿ਼ਲ੍ਹੇ ਦੇ ਪਿੰਡ ’ਤੇ ਅੱਤਵਾਦੀਆਂ ਕੀਤਾ ਦੇਰ ਰਾਤ ਹਮਲਾ
ਇੰਫਾਲ : ਭਾਰਤ ਦੇਸ਼ ਦੇ ਸੂਬੇ ਮਨੀਪੁਰ ਦੇ ਇੰਫਾਲ ਪੱਛਮੀ ਜਿ਼ਲ੍ਹੇ ਦੇ ਕਦੰਗਬੰਦ ਪਿੰਡ ’ਚ ਦੇਰ ਰਾਤ ਅਤਿਵਾਦੀਆਂ ਨੇ ਹਮਲਾ ਕੀਤਾ।ਇਸੇ ਦੌਰਾਨ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ’ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤੇ ਹਨ।ਪੁਲਸ ਨੇ ਦੱਸਿਆ ਕਿ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਲੰਘੀ ਰਾਤ ਇੱਕ ਵਜੇ ਦੇ ਨੇੜੇ ਕਾਂਗਪੋਕਪੀ ਜਿ਼ਲ੍ਹੇ ’ਚ ਆਪਣੇ ਪਹਾੜੀ ਟਿਕਾਣੇ ਤੋਂ ਇੰਫਾਲ ਪੱਛਮੀ ਜਿ਼ਲ੍ਹੇ ਦੇ ਕਦੰਗਬੰਦ ਪਿੰਡ ’ਚ ਗੋਲੀਬਾਰੀ ਕੀਤੀ ਤੇ ਬੰਬ ਸੁੱਟੇ। ਪੁਲੀਸ ਨੇ ਦੱਸਿਆ ਕਿ ਇਲਾਕੇ ’ਚ ਤਾਇਨਾਤ ਗ੍ਰਾਮ ਸਵੈ ਸੇਵਕਾਂ ਨੇ ਜਵਾਬੀ ਗੋਲੀਬਾਰੀ ਕੀਤੀ। ਸਥਿਤੀ ਕੰਟਰੋਲ ਹੇਠ ਕਰਨ ਲਈ ਵਾਧੂ ਸੁਰੱਖਿਆ ਬਲ ਇਲਾਕੇ ’ਚ ਭੇਜੇ ਗਏ। ਗੋਲੀਬਾਰੀ ’ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਹਮਲੇ ਕਾਰਨ ਕਈ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਨਾਹ ਲੈਣੀ ਪਈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਬਿਸ਼ਨੂਪੁਰ ਤੇ ਥੌਬਲ ਜ਼ਿਲ੍ਹਿਆਂ ’ਚ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ’ਚ ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਪੁਲਸ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਬੀਤੇ ਦਿਨ ਬਿਸ਼ਨੂਪੁਰ ਜ਼ਿਲ੍ਹੇ ਦੇ ਇੱਕ ਪਿਡ ਤੋਂ ਇੱਕ ਐੱਸਐੱਲਆਰ ਤੇ ਇੱਕ ਮੈਗਜ਼ੀਨ,.303 ਰਾਈਫਲ, 12 ਬੋਰ ਦੀ ਸਿੰਗਲ ਬੈਰਲ ਪਿਸਤੌਲ, ਨੌਂ ਐੱਮਐੱਮ ਦੀ ਪਿਸਤੌਲ ਤੇ ਮੈਗਜ਼ੀਨ, ਦੋ ਇੰਸਾਸ ਐੱਲਐੱਮਜੀ ਮੈਗਜ਼ੀਨ, ਦੋ ਇੰਸਾਸ ਰਾਈਫਲ ਮੈਗਜ਼ੀਨ, ਚਾਰ ਗ੍ਰਨੇਡ, ਇੱਕ ਡੈਟੋਨੇਟਰ, ਗੋਲਾ-ਬਾਰੂਦ ਤੇ ਹੋਰ ਸਮੱਗਰੀ ਜ਼ਬਤ ਕੀਤੀ ਹੈ। ਇਸੇ ਤਰ੍ਹਾਂ ਥੌਬਲ ਜ਼ਿਲ੍ਹੇ ਤੋਂ ਦੋ ਸਿੰਗਲ ਬੋਲਟ ਐਕਸ਼ਨ ਰਾਈਫਲ, 9 ਐੱਮਐੱਮ ਦੀਆਂ ਤਿੰਨ ਪਿਸਤੌਲਾਂ, ਇੱਕ ਗ੍ਰਨੇਡ, ਚਾਰ ਐੱਮਕੇ-13ਟੀ ਅਤੇ ਗੋਲਾ-ਬਾਰੂਦ ਜ਼ਬਤ ਕੀਤਾ। ਇਸੇ ਵਿਚਾਲੇ ਪੁਲੀਸ ਨੇ ਜ਼ਬਰੀ ਵਸੂਲੀ ’ਚ ਸ਼ਾਮਲ ਪਾਬੰਦੀਸ਼ੁਦਾ ਜਥੇਬੰਦੀ ਕਾਂਗਲੀਪਾਕ ਕਮਿਊਨਿਸਟ ਪਾਰਟੀ ਦਾ ਇੱਕ ਮੈਂਬਰ ਵੀ ਗ੍ਰਿਫ਼ਤਾਰ ਕੀਤਾ ਹੈ।