ਵਿਧਾਇਕ ਜੋੜੇਮਾਜਰਾ ਵਲੋਂ ਮੁਆਫ਼ੀ ਨਾ ਮੰਗਣ 'ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੀ ਚਿਤਾਵਨੀ

ਵਿਧਾਇਕ ਜੋੜੇਮਾਜਰਾ ਵਲੋਂ ਮੁਆਫ਼ੀ ਨਾ ਮੰਗਣ ‘ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੀ ਚਿਤਾਵਨੀ

ਪਟਿਆਲਾ, 9 ਅਪ੍ਰੈਲ :  ਸਾਬਕਾ ਮੰਤਰੀ ਅਤੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ ਵੱਲੋਂ ਸਰਕਾਰੀ ਸਕੂਲ ‘ਚ ਅਧਿਆਪਕਾਂ ਨੂੰ ਸ਼ਰੇਆਮ ਬੋਲੇ ਅਪਸ਼ਬਦ ਅਤੇ ਧਮਕਾਉ ਭਾਸ਼ਾ ਕਾਰਨ ਅਧਿਆਪਕਾਂ ਸਮੇਤ ਸਮਾਜ ਦੇ ਬਾਕੀ ਚਿੰਤਨਸ਼ੀਲ ਹਿੱਸਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।
ਵਿਧਾਇਕ ਜੋੜੇਮਾਜਰਾ ਤੋਂ ਆਪਣੇ ਸ਼ਬਦ ਵਾਪਿਸ ਲੈਂਦੇ ਹੋਏ ਦੋ ਦਿਨਾਂ ਵਿੱਚ ਵਿੱਚ ਅਧਿਆਪਕਾਂ ਤੋਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਕੀਤੀ
ਇਸ ਦੇ ਮੱਦੇਨਜ਼ਰ ਸੰਘਰਸ਼ੀ ਅਧਿਆਪਕ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ, 6635 ਈਟੀਟੀ ਅਧਿਆਪਕ ਯੂਨੀਅਨ ਅਤੇ 4161 ਮਾਸਟਰ ਕਾਡਰ ਯੂਨੀਅਨ ਵੱਲੋਂ ਵਿਧਾਇਕ ਜੋੜੇਮਾਜਰਾ ਤੋਂ ਆਪਣੇ ਸ਼ਬਦ ਵਾਪਿਸ ਲੈਂਦੇ ਹੋਏ ਦੋ ਦਿਨਾਂ ਵਿੱਚ ਵਿੱਚ ਅਧਿਆਪਕਾਂ ਤੋਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ 11 ਅਪ੍ਰੈਲ ਨੂੰ ਦੁਪਹਿਰ ਬਾਅਦ ਜਿਲ੍ਹਾ ਕੇਂਦਰਾਂ ‘ਤੇ ਪੰਜਾਬ ਸਰਕਾਰ ਦੇ ਤਿੰਨ ਮੂੰਹੇ (ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਵਿਧਾਇਕ ਚੇਤਨ ਜੋੜਾਮਾਜਰਾ) ਪੁਤਲੇ ਫੂਕਣ ਦਾ ਐਲਾਨ ਕੀਤਾ ਹੈ ।
ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸੁਧਾਰਾਂ ਥਾਂ ਸਿਆਸੀ ਦਖ਼ਲ ਵਧਾਉਣਾ ਬੰਦ ਹੋਵੇ :-ਅਧਿਆਪਕ ਜਥੇਬੰਦੀਆਂ
ਇਸ ਬਾਰੇ ਵਧੇਰੇ ਗੱਲਬਾਤ ਕਰਦੇ ਹੋਏ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ਼ ਅਤੇ 4161 ਮਾਸਟਰ ਕਾਡਰ ਯੂਨੀਅਨ ਦੇ ਬਲਕਾਰ ਮਘਾਣੀਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਮਸਲਿਆਂ ਨੂੰ ਲੈ ਕੇ 11 ਅਪ੍ਰੈਲ ਨੂੰ ਜਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਸਿੱਖਿਆ ਮੰਤਰੀ ਵੱਲ ਚਿਤਾਵਨੀ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ ਸੀ । ਹੁਣ ਇਸ ਜੱਥੇਬੰਦਕ ਸੱਦੇ ਨੂੰ ਲਾਗੂ ਕਰਨ ਦੇ ਨਾਲ-ਨਾਲ ਵਿਧਾਇਕ ਜੋੜੇਮਾਜਰਾ ਵੱਲੋਂ ਸਕੂਲ ਅਧਿਆਪਕਾਂ ਬਾਰੇ ਬੋਲੀ ਮੰਦੀ ਸ਼ਬਦਾਵਲੀ ਖਿਲਾਫ਼ ਵੀ ਪੁਤਲਾ ਫੂਕ ਪ੍ਰਦਰਸ਼ਨ ਕਰਕੇ ਰੋਸ ਜਾਹਿਰ ਕੀਤਾ ਜਾਵੇਗਾ ।
ਪੰਜਾਬ ਸਰਕਾਰ ਵੱਲੋਂ ਕਥਿਤ ਸਿੱਖਿਆ ਕ੍ਰਾਂਤੀ ਦੀ ਆੜ ਹੇਠ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਪਰਛਾਂਵੇ ਹੇਠ ਲਿਆਇਆ ਜਾ ਰਿਹਾ ਹੈ
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਥਿਤ ਸਿੱਖਿਆ ਕ੍ਰਾਂਤੀ ਦੀ ਆੜ ਹੇਠ ਸਕੂਲਾਂ ਦੇ ਵਿੱਦਿਅਕ ਮਾਹੌਲ ਨੂੰ ਸਿਆਸੀ ਪਰਛਾਂਵੇ ਹੇਠ ਲਿਆਇਆ ਜਾ ਰਿਹਾ ਹੈ ਅਤੇ ਹਜ਼ਾਰਾਂ ਉਦਘਾਟਨਾਂ ਬਹਾਨੇ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਨੂੰ ਇਵੈਂਟ ਮਨੈਜਰ ਬਣਾ ਦਿੱਤਾ ਗਿਆ ਹੈ। ਅਧਿਆਪਕ ਆਗੂਆਂ ਨੇ ਸਕੂਲਾਂ ਵਿੱਚ ਅਧਿਆਪਕਾਂ ਅਤੇ ਸਕੂਲ ਮੁੱਖੀਆਂ ਦੀਆਂ ਸਾਰੀਆਂ ਅਸਾਮੀਆਂ ਭਰਨ ਅਤੇ ਸਿੱਖਿਆ ਨੂੰ ਦਿਖਾਵੇਬਾਜ਼ੀ ਤੱਕ ਸੀਮਤ ਰੱਖਣ ਦੀ ਥਾਂ ਬੁਨਿਆਦੀ ਸੁਧਾਰਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ।

Leave a Comment

Your email address will not be published. Required fields are marked *

Scroll to Top