ਚੰਡੀਗੜ੍ਹ, 6 ਅਪ੍ਰੈਲ 2026 : ਪੰਜਾਬ ਦੇ ਸ਼ਹਿਰ ਜਲੰਧਰ ਤੇ ਚੰਡੀਗੜ੍ਹ (Jalandhar and Chandigarh) ਦੇ ਸਕੂਲਾਂ ਨੂੰ ਇਕ ਵਾਰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਹੜੇ ਕਿਹੜੇ ਸਕੂਲ ਹਨ ਸ਼ਾਮਲ
ਮਿਲੀ ਜਾਣਕਾਰੀ ਅਨੁਸਾਰ ਅੱਜ ਜਲੰਧਰ ਅਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਜੋ ਬੰਬ ਨਾਲ ਉਡਾਉਣ (Bomb Threat) ਦੀ ਧਮਕੀ ਦਿੱਤੀ ਗਈ ਹੈ ਵਿਚ ਜਲੰਧਰ ਦੇ ਡੀ. ਪੀ. ਐਸ. ਸਕੂਲ, ਮੇਅਰ ਵਰਲਡ ਸਕੂਲ ਅਤੇ ਇੱਕ ਹੋਰ ਡੀ. ਪੀ. ਐਸ. ਸਕੂਲ ਸ਼ਾਮਲ ਹੈ ਜਿਸ ਨੂੰ ਈਮੇਲ ਰਾਹੀਂ ਧਮਕੀਆਂ ਮਿਲੀਆਂ, ਜਿਸ ਨਾਲ ਹਲਚਲ ਮਚ ਗਈ । ਇਸੇ ਤਰ੍ਹਾਂ ਚੰਡੀਗੜ੍ਹ ਦੇ ਸੈਕਟਰ-41, ਸੈਕਟਰ-32, ਸੈਕਟਰ-47 ਅਤੇ ਸੈਕਟਰ-45 ਦੇ ਸਕੂਲਾਂ ਨੂੰ ਧਮਕੀ ਭਰੀਆਂ ਈਮੇਲ ਭੇਜੀਆਂ ਗਈਆਂ ਹਨ ।
ਮੌਕੇ ਤੇ ਜਾਂਚ ਕਰਨ ਲਈ ਪਹੁੰਚੀਆਂ ਵੱਖ-ਵੱਖ ਟੀਮਾਂ
ਸਕੂਲਾਂ ਨੂੰ ਈਮੇਲ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਦਾ ਪਤਾ ਚਲਦਿਆਂ ਹੀ ਜਾਂਚ ਕਰਨ ਲਈ ਪੁਲਸ ਟੀਮਾਂ, ਬੰਬ ਸਕੁਐਡ (Bomb squad) ਅਤੇ ਡੌਗ ਸਕੁਐਡ ਪਹੁੰਚੀਆਂ ਹਨ, ਜਿਨ੍ਹਾਂ ਵਲੋਂ ਸਕੂਲਾਂ ਕੰਪਲੈਕਸਾਂ ਦੀ ਪੂਰੀ ਤਰ੍ਹਾਂ ਤੋਂ ਤਲਾਸ਼ੀ ਲਈ ਜਾ ਰਹੀ ਹੈ । ਜਾਣਕਾਰੀ ਮੁਤਾਬਕ ਈਮੇਲ ਵਿਚ ਸਕੂਲਾਂ ਨੂੰ ਸਿਰਫ਼ ਬੰਬ ਨਾਲ ਉਡਾਉਣ ਦੀ ਧਮਕੀ ਹੀ ਨਹੀਂ ਦਿੱਤੀ ਗਈ ਬਲਕਿ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਿਆਂ ਇਹ ਵੀ ਆਖਿਆ ਗਿਆ ਹੈ ਬੱਚਿਆਂ ਦੀ ਰੱਖਿਆ ਕਰ ਲਓ ।
ਕੀ ਆਖਿਆ ਪੁਲਸ ਅਧਿਕਾਰੀਆਂ ਨੇ
ਪੁਲਸ ਅਧਿਕਾਰੀਆਂ ਨੇ ਆਖਿਆ ਕਿ ਈਮੇਲਾਂ ਦੇ ਸਰੋਤ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਸਾਈਬਰ ਸੈੱਲ ਵੀ ਜਾਂਚ ਵਿੱਚ ਸ਼ਾਮਲ ਹੈ । ਮਾਪੇ ਲਗਾਤਾਰ ਧਮਕੀ ਨੂੰ ਲੈ ਕੇ ਚਿੰਤਤ ਹਨ । ਇਸ ਤੋਂ ਬਾਅਦ ਪੁਲਸ ਟੀਮਾਂ ਨੇ ਸਕੂਲ ਨੂੰ ਖਾਲੀ ਕਰਵਾ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ । ਬੰਬ ਸਕੁਐਡ ਅਤੇ ਡੌਗ ਸਕੁਐਡ (Dog Squad) ਟੀਮਾਂ ਵੀ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਜਾਂਚ ਕਰ ਰਹੀਆਂ ਹਨ । ਪੁਲਸ ਸਕੂਲਾਂ ਦੇ ਅੰਦਰ ਅਤੇ ਆਲੇ-ਦੁਆਲੇ ਵੀ ਤਲਾਸ਼ੀ ਲੈ ਰਹੀ ਹੈ । ਉਹ ਕਿਸੇ ਵੀ ਸੰਭਾਵੀ ਖ਼ਤਰੇ ਨੂੰ ਰੋਕਣ ਲਈ ਕਿਸੇ ਵੀ ਸ਼ੱਕੀ ਵਸਤੂ `ਤੇ ਨਜ਼ਰ ਰੱਖ ਰਹੇ ਹਨ ।




