ਲਾਲੂ ਪ੍ਰਸਾਦ ਯਾਦਵ ਦੇ ਨਿਤੀਸ਼ ਕੁਮਾਰ ਨਾਲ ਮੁੜ ਜੁੜਨ ਦੀ ਇੱਛਾ ਜ਼ਾਹਿਰ ਕੀਤੇ ਜਾਣ ਮਗਰੋਂ ਬਿਹਾਰ ਦੇ ਸਿਆਸੀ ਹਲਕਿਆਂ ’ਚ ਹਲਚਲ ਹੋਈ ਸ਼ੁਰੂ
ਪਟਨਾ : ਸਿਆਸੀ ਗਲਿਆਰਿਆਂ ਦੀ ਪ੍ਰਸਿੱਧ ਰਾਜਨੀਤਕ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁੜ ਜੁੜਨ ਦੀ ਇੱਛਾ ਜ਼ਾਹਿਰ ਕੀਤੇ ਜਾਣ ਮਗਰੋਂ ਬਿਹਾਰ ਦੇ ਸਿਆਸੀ ਹਲਕਿਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਲੰਘੀ ਰਾਤ ਸ੍ਰੀ ਯਾਦਵ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਦੇ ਦਰਵਾਜ਼ੇ ਬਿਹਾਰ ਦੇ ਮੁੱਖ ਮੰਤਰੀ ਲਈ ਖੁੱਲ੍ਹੇ ਹਨ । ਇਸੇ ਦੇ ਜਵਾਬ ’ਚ ਲਾਲੂ ਯਾਦਵ ਨੇ ਕਿਹਾ ਕਿ ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਵਾਪਸ ਆਉਣ ’ਤੇ ਨਿਤੀਸ਼ ਨੂੰ ਮੁਆਫ਼ ਕਰਨ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਮੁਆਫ਼ ਕਰ ਦੇਣਾ ਮੇਰਾ ਕੰਮ ਹੈ। ਜੇ ਉਹ ਵਾਪਸ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮੁਆਫ਼ ਕਰ ਦੇਵਾਂਗਾ ਤੇ ਸਾਰੇ ਮਿਲ ਕੇ ਕੰਮ ਕਰਾਂਗੇ।ਦੂਜੇ ਪਾਸੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨਾਲ ਮੁੜ ਜੁੜਨ ਦੇ ਵਿਚਾਰ ਤੋਂ ਇਨਕਾਰ ਕਰ ਦਿੱਤਾ ਹੈ। ਤੇਜਸਵੀ ਨੇ ਬਿਹਾਰ ਦੇ ਨਵੇਂ ਰਾਜਪਾਲ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣਾ ਪਹਿਲਾਂ ਵਾਲਾ ਰੁਖ਼ ਦੁਹਰਾਇਆ। ਤੇਜਸਵੀ ਨੇ ਕਿਹਾ ਸੀ ਕਿ ਸਾਡੇ ਦਰਵਾਜ਼ੇ ਨਿਤੀਸ਼ ਕੁਮਾਰ ਲਈ ਹਮੇਸ਼ਾ ਲਈ ਬੰਦ ਹਨ ਤੇ ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਨਿਤੀਸ਼ ’ਚ ਹੁਣ ਕੁਝ ਨਹੀਂ ਰਹਿ ਗਿਆ। ਬਿਹਾਰ ਦੇ ਲੋਕਾਂ ਨੂੰ ਮੇਰੇ ’ਤੇ ਭਰੋਸਾ ਹੈ ਤੇ ਇਸ ਵਾਾਰ ਅਸੀਂ ਆਪਣੀ ਸਰਕਾਰ ਬਣਾਵਾਂਗੇ। ਜਿ਼ਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਰ. ਜੇ. ਡੀ. ਤੇ ਐੱਨ. ਡੀ. ਏ. ਸਮੇਤ ਸਾਰੀਆਂ ਅਹਿਮ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ।