ਪੰਜਾਬ ਨੇ ਰਾਜ ਮਾਰਗਾਂ ‘ਤੇ ਦੋ ਹੋਰ ਟੋਲ ਪਲਾਜ਼ੇ ਕੀਤੇ ਬੰਦ: ਹਰਭਜਨ ਸਿੰਘ ਈਟੀਓ
ਕਿਹਾ, ਮਾਨ ਸਰਕਾਰ ਨੇ ਹੁਣ ਤੱਕ ਕੀਤੇ 18 ਟੋਲ ਪਲਾਜ਼ੇ ਬੰਦ
ਇਨ੍ਹਾਂ ਮਾਰਗਾਂ ‘ਤੇ ਯਾਤਰਾ ਕਰਨ ਵਾਲਿਆਂ ਨੂੰ ਹੋ ਰਹੀ ਹੈ ਰੋਜ਼ਾਨਾ 61.67 ਲੱਖ ਰੁਪਏ ਦੀ ਬਚਤ
ਚੰਡੀਗੜ੍ਹ, 6 ਅਗਸਤ : ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਐਲਾਨ ਕੀਤਾ ਕਿ ਰਾਜ ਮਾਰਗ ਪਟਿਆਲਾ-ਨਾਭਾ-ਮਾਲੇਰਕੋਟਲਾ ‘ਤੇ ਸਥਿਤ ਦੋ ਟੋਲ ਪਲਾਜ਼ੇ 5 ਅਗਸਤ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੇ ਗਏ ਹਨ। ਇਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਪਟਿਆਲਾ-ਨਾਭਾ-ਮਲੇਰਕੋਟਲਾ ‘ਤੇ ਮੋਹਰਾਣਾ ਅਤੇ ਕਲਿਆਣ ਸਥਿਤ ਟੋਲ ਪਲਾਜ਼ਿਆਂ ‘ਤੇ ਰੋਡ ਯੂਜ਼ਰ ਫੀਸ ਦੀ ਵਸੂਲੀ ਬੀਤੀ ਰਾਤ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਨਾਂ ਟੋਲ ਪਲਾਜ਼ਿਆਂ ਤੋਂ ਪ੍ਰਤੀ ਮਹੀਨਾ ਕੁੱਲ 87 ਲੱਖ ਰੁਪਏ ਪ੍ਰਾਪਤ ਹੁੰਦੇ ਸਨ। ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਹ ਕਦਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਮਹਿੰਗਾਈ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਯਤਨਾਂ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਟੋਲ ਪਲਾਜ਼ਿਆਂ ਦੇ ਬੰਦ ਹੋਣ ਨਾਲ ਸੂਬੇ ਭਰ ਵਿੱਚ ਬੰਦ ਪਏ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 18 ਹੋ ਗਈ ਹੈ, ਜਿਸ ਨਾਲ ਇਨ੍ਹਾਂ ਮਾਰਗਾਂ ‘ਤੇ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰੋਜ਼ਾਨਾ 61.67 ਲੱਖ ਰੁਪਏ ਦੀ ਬਚਤ ਹੁੰਦੀ ਹੈ।
ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਟੋਲ ਉਗਰਾਹੀ ਨੂੰ ਰੋਕਣਾ ਪੰਜਾਬ ਦੇ ਲੋਕਾਂ ਲਈ ਆਰਥਿਕ ਰਾਹਤ, ਨਾਗਰਿਕਾਂ ‘ਤੇ ਵਿੱਤੀ ਬੋਝ ਨੂੰ ਘੱਟ ਕਰਨ ਅਤੇ ਇਨ੍ਹਾਂ ਸੜਕਾਂ ‘ਤੇ ਨਿਰਵਿਘਨ ਅਤੇ ਆਸਾਨ ਆਵਾਜਾਈ ਨੂੰ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਅੱਗੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਕੁੱਲ 590 ਕਿਲੋਮੀਟਰ ਤੋਂ ਟੋਲ ਨੂੰ ਸਮਾਪਤ ਕਰ ਦਿੱਤਾ ਹੈ।
ਲੋਕ ਨਿਰਮਾਣ ਮੰਤਰੀ ਨੇ ਪਟਿਆਲਾ-ਸਮਾਣਾ ਰੋਡ, ਲੁਧਿਆਣਾ-ਮਾਲੇਰਕੋਟਲਾ-ਸੰਗਰੂਰ ਰੋਡ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਰੋਡ, ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ, ਹੁਸ਼ਿਆਰਪੁਰ-ਟਾਂਡਾ ਰੋਡ, ਮੱਖੂ ਵਿਖੇ ਸਤਲੁਜ ਦਰਿਆ ‘ਤੇ ਹਾਈ ਲੈਵਲ ਪੁਲ, ਮੋਗਾ-ਕੋਟਕਪੁਰਾ ਰੋਡ, ਫਿਰੋਜ਼ਪੁਰ-ਫਾਜ਼ਿਲਕਾ ਰੋਡ, ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ ਰੋਡ, ਦਾਖਾ-ਰਾਏਕੋਟ-ਬਰਨਾਲਾ ਰੋਡ, ਅਤੇ ਹੁਣ ਪਟਿਆਲਾ-ਨਾਭਾ-ਮਲੇਰਕੋਟਲਾ ਰੋਡ ਸਮੇਤ ਰਾਜ ਮਾਰਗਾਂ ਤੋਂ ਟੋਲ ਹਟਾਉਣ ਨਾਲ ਆਮ ਲੋਕਾਂ ਨੂੰ ਮਿਲਣ ਵਾਲੀ ਰੋਜ਼ਾਨਾ ਰਾਹਤ ਬਾਰੇ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਿਆਰੀ ਬੁਨਿਆਦੀ ਢਾਂਚੇ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਦੇਣ ਲਈ ਵਚਨਬੱਧ ਹੈ।
ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਇਸ ਕਦਮ ਨਾਲ ਪੰਜਾਬ ਸਰਕਾਰ ਨੇ ਆਪਣੇ ਨਾਗਰਿਕਾਂ ਦੀ ਭਲਾਈ, ਠੋਸ ਆਰਥਿਕ ਲਾਭ ਪ੍ਰਦਾਨ ਕਰਨ ਅਤੇ ਰਾਜ ਮਾਰਗਾਂ ‘ਤੇ ਸਮੁੱਚੇ ਡਰਾਈਵਿੰਗ ਅਨੁਭਵ ਨੂੰ ਬਿਹਤਰ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਤਰਜੀਹ ਦਿੱਤੀ ਹੈ।