ਅਰਥਚਾਰੇ ਲਈ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ : ਮਲਹੋਤਰਾ
ਨਵੀਂ ਦਿੱਲੀ : ਮਾਲ ਸਕੱਤਰ ਸੰਜੇ ਮਲਹੋਤਰਾ ਨੇ ਕਿਹਾ ਕਿ ਅੱਜ 11 ਦਸੰਬਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਦਾ ਕਾਰਜ ਭਾਰ ਸੰਭਾਲਣ ਮਗਰੋਂ ਉਹ ਸਾਰੇ ਨਜ਼ਰੀਏ ਸਮਝਣ ਅਤੇ ਅਰਥਚਾਰੇ ਲਈ ਸਰਵੋਤਮ ਕੰਮ ਕਰਨ ਦੀ ਕੋਸ਼ਿਸ਼ ਕਰਨਗੇ।ਵਿੱਤ ਮੰਤਰਾਲੇ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਲਹੋਤਰਾ ਨੇ ਕਿਹਾ ਕਿ ਕਿਸੇ ਨੂੰ ਵੀ (ਇਸ ਅਹੁਦੇ ’ਤੇ ਕਾਬਜ਼) ਖੇਤਰ, ਸਾਰੇ ਨਜ਼ਰੀਏ ਸਮਝਣੇ ਪੈਣਗੇ ਅਤੇ ਅਰਥਚਾਰੇ ਲਈ ਸਰਵੋਤਮ ਕੰਮ ਕਰਨਾ ਪਵੇਗਾ। ਮਲਹੋਤਰਾ (56) ਇਸ ਸਮੇਂ ਵਿੱਤ ਮੰਤਰਾਲੇ ’ਚ ਮਾਲ ਸਕੱਤਰ ਹਨ। ਸਰਕਾਰ ਨੇ ਲੰਘੀ ਸ਼ਾਮ ਉਨ੍ਹਾਂ ਨੂੰ ਕੇਂਦਰੀ ਬੈਂਕ ਦਾ ਗਵਰਨਰ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਸੀ। ਉਹ ਅਹੁਦਾ ਛੱਡ ਰਹੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ। ਰਾਜਸਥਾਨ ਦੇ 1990 ਬੈਚ ਦੇ ਆਈਏਐੱਸ ਅਧਿਕਾਰੀ ਮਲਹੋਤਰਾ ਕੋਲ ਬਿਜਲੀ, ਵਿੱਤ ਤੇ ਟੈਕਸ ਜਿਹੇ ਖੇਤਰਾਂ ’ਚ ਮੁਹਾਰਤ ਦੇ ਨਾਲ ਜਨਤਕ ਨੀਤੀ ’ਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਹ ਅਜਿਹੇ ਸਮੇਂ ਕੇਂਦਰੀ ਬੈਂਕ ਦੀ ਕਮਾਨ ਸੰਭਾਲਣ ਜਾ ਰਹੇ ਹਨ, ਜਦੋਂ ਅਰਥਚਾਰਾ ਸੁਸਤ ਵਿਕਾਸ ਦਰ ਅਤੇ ਉੱਚ ਮਹਿੰਗਾਈ ਦਰ ਦੀ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਮਲਹੋਤਰਾ ਦਾ ਅਕਸ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਵਾਲਾ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਕੀਮਤਾਂ ਨੂੰ ਇਕੱਲਾ ਕੇਂਦਰੀ ਬੈਂਕ ਕੰਟਰੋਲ ਨਹੀਂ ਕਰ ਸਕਦਾ ਅਤੇ ਇਸ ਲਈ ਸਰਕਾਰੀ ਮਦਦ ਦੀ ਵੀ ਲੋੜ ਹੈ ।