`ਆਪ` ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਦੀ ਲਾਸ ਮਿਲੀ ਸ਼ੱਕੀ ਹਾਲਾਤ `ਚ
ਹੁਸ਼ਿਆਰਪੁਰ : ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨੇੜੇ ਸਥਿਤ ਸਿੰਗੜੀਵਾਲਾ ਰੇਲਵੇ ਫਾਟਕ ਕੋਲ ਬਣੇ ਚਾਹ ਅਤੇ ਰੋਟੀ ਦੇ ਖੋਖੇ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਜਸਵੰਤ ਰਾਏ ਕਾਲਾ ਦੇ ਭਰਾ ਗੁਰਨਾਮ ਲਾਲ ਦੀ ਸ਼ੱਕੀ ਹਾਲਾਤ `ਚ ਲਾਸ਼ ਮਿਲੀ ਹੈ।ਥਾਣਾ ਮਾਡਲ ਟਾਊਨ ਦੇ ਪੁਲਸ ਅਧਿਕਾਰੀ ਵੀ ਮੌਕੇ `ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਵਾ ਦਿੱਤਾ ਗਿਆ ਹੈ। ਮ੍ਰਿਤਕ ਗੁਰਨਾਮ ਲਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਆਦਰਸ਼ ਨਗਰ ਪਿੱਪਲਾਂਵਾਲਾ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 52 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਨਾਮ ਲਾਲ ਗਾਮਾ ਦੇ ਭਰਾ ਜਸਵੰਤ ਰਾਏ ਕਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸਿੰਗੜੀਵਾਲਾ ਰੇਲਵੇ ਫਾਟਕ ਨੇੜੇ ਹੀ ਚਾਹ ਅਤੇ ਰੋਟੀ ਦਾ ਖੋਖਾ ਚਲਾਉਂਦੇ ਸਨ ਅਤੇ ਆਪਣੇ ਸਾਮਾਨ ਦੀ ਰਾਖੀ ਲਈ ਖੋਖੇ `ਤੇ ਹੀ ਰਾਤ ਨੂੰ ਰਹਿੰਦਾ ਸਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਜਦੋਂ ਉਹ ਮੌਕੇ `ਤੇ ਪਹੁੰਚੇ ਤਾਂ ਭਰਾ ਦੀ ਮ੍ਰਿਤਕ ਦੇਹ ਮੰਜੇ ਤੋਂ ਹੇਠਾਂ ਪਈ ਹੋਈ ਸੀ ਅਤੇ ਐਕਟਿਵਾ ਅਤੇ ਪਰਸ ਵਿਚੋਂ ਪੈਸੇ ਵੀ ਗਾਇਬ ਸਨ। ਉਨ੍ਹਾਂ ਵੱਲੋਂ ਕਤਲ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਦੂਜੇ ਪਾਸੇ ਪੁਲਸ ਅਧਿਕਾਰੀ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕਤਲ ਬਾਰੇ ਕੁਝ ਕਿਹਾ ਜਾ ਸਕਦਾ ਹੈ।