ਆਰ. ਬੀ. ਆਈ. ਨੇ ਲਗਾਤਾਰ ਨੌਂਵੀ ਵਾਰ ਰੈਪੋ ਦਰ 6.5 ਫ਼ੀਸਦੀ ’ਤੇ ਬਰਕਾਰ ਰੱਖੀ
ਮੁੰਬਈ, 8 ਅਗਸਤ : ਭਾਰਤੀ ਰਿਜ਼ਰਵ ਬੈਂਕ ਨੇ ਉਮੀਦਾਂ ਦੇ ਅਨੁਸਾਰ ਚਾਲੂ ਵਿੱਤੀ ਵਰ੍ਹੇ ਦੀ ਤੀਜੀ ਮੁਦਰਾ ਨੀਤੀ ਸਮੀਖਿਆ ਦੌਰਾਨ ਨੀਤੀਗਤ ਰੈਪੋ ਦਰ ਵਿਚ ਕੋਈ ਤਬਦੀਲੀ ਨਹੀਂ ਕੀਤੀ ਅਤੇ 6.5 ਫ਼ੀਸਦੀ ’ਤੇ ਬਰਕਾਰ ਰੱਖਿਆ ਹੈ। ਆਰਬੀਆਈ ਨੇ ਕਿਹਾ ਕਿ ਪਰਚੂਨ ਦੇ ਸਮਾਨ ਦੀ ਮਹਿੰਗਾਈ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਤੇ ਇਸ ਦੇ ਹੋਰ ਖੇਤਰਾਂ ਵਿਚ ਪ੍ਰਭਾਵ ਰੋਕਣ ਲਈ ਸਤਰਕ ਰਹਿਣ ਦੀ ਲੋੜ ਹੈ।ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਸੰਮਤੀ ਦੀ ਮੰਗਲਾਵਾਰ ਨੂੰ ਸ਼ੁਰੂ ਹੋਈ ਤਿੰਨ ਦਿਨ ਦੀ ਬੈਠਕ ਵਿਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਮੇਟੀ ਨੇ ਮਹਿੰਗਾਈ ਸਬੰਧੀ ਸੁਚੇਤ ਰੁੱਖ ਤਹਿਤ ਰੈਪੋ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ ਹੈ। ਐਮਪੀਸੀ ਦੇ ਛੇ ਵਿੱਚੋਂ ਚਾਰ ਮੈਂਬਰਾਂ ਨੇ ਨੀਤੀਗਤ ਦਰ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੇ ਪੱਖ ਵਿੱਚ ਵੋਟ ਦਿੱਤੀ। ਇਸ ਦੇ ਨਾਲ ਹੀ ਮਹਿੰਗਾਈ ਦਰ ਨੂੰ ਚਾਰ ਫੀਸਦੀ ਤੱਕ ਹੇਠਾਂ ਲਿਆਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਹੀ ਨਰਮ ਰੁਖ਼ ਵਾਪਸ ਲੈਣ ਦਾ ਆਪਣਾ ਫ਼ੈਸਲਾ ਕਾਇਮ ਰੱਖਣ ਦਾ ਵੀ ਫ਼ੈਸਲਾ ਕੀਤਾ ਹੈ।।