ਉਹ ਮੈਨੂੰ ਤੋੜਨਾ ਚਾਹੁੰਦੇ ਸਨ ਤੇ ਝੁਕਾਉਣਾ ਚਾਹੁੰਦੇ ਸਨ ਪਰ ਮੈਂ ਵੀ ਹਰਿਆਣਾ ਦਾ ਹਾਂ ਤੇ ਹਰਿਆਣੇ ਵਾਲਿਆਂ ਨੂੰ ਤੋੜ ਨਹੀਂ ਜਾ ਸਕਦਾ : ਕੇਜਰੀਵਾਲ
ਫਰੀਦਾਬਾਦ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੱਲਭਗੜ੍ਹ ਵਿੱਚ ਪਾਰਟੀ ਉਮੀਦਵਾਰ ਰਵਿੰਦਰ ਫੌਜਦਾਰ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਹਾਲ ਹੀ ਵਿੱਚ ਜੇਲ੍ਹ ਵਿੱਚੋਂ ਬਾਹਰ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਝੂਠੇ ਮਾਮਲੇ ਵਿੱਚ ਉਨ੍ਹਾਂ ਨੂੰ ਜੇਲ੍ਹ ਭੇਜਿਆ, ਪਰ ਉੱਥੇ ਸ਼ੂਗਰ ਦੇ ਟੀਕੇ ਤੱਕ ਮੁਹੱਈਆ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਅਦਾਲਤੀ ਹੁਕਮਾਂ ਮਗਰੋਂ ਦਵਾਈ ਦਿੱਤੀ ਜਾਣੀ ਸ਼ੁਰੂ ਹੋਈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਉਹ ਮੈਨੂੰ ਤੋੜਨਾ ਚਾਹੁੰਦੇ ਸਨ ਤੇ ਝੁਕਾਉਣਾ ਚਾਹੁੰਦੇ ਸਨ ਪਰ ਮੈਂ ਵੀ ਹਰਿਆਣਾ ਦਾ ਹਾਂ ਤੇ ਹਰਿਆਣੇ ਵਾਲਿਆਂ ਨੂੰ ਤੋੜ ਨਹੀਂ ਜਾ ਸਕਦਾ। ਕੇਜਰੀਵਾਲ ਨੇ ਕਿਹਾ ਕਿ ਮੈਂ ਹਰਿਆਣਾ ਦਾ ਨਾਮ ਸੰਸਾਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਦਿੱਲੀ ਤੇ ਪੰਜਾਬ ਵਿੱਚ ਬਣ ਗਈ ਹੈ, ਜਦਕਿ ਹਰਿਆਣਾ ਦੋਵਾਂ ਵਿਚਕਾਰ ਪੈਂਦਾ ਹੈ। ਇਸ ਲਈ ਇਸ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿਓ। ਉਨ੍ਹਾਂ ਕਿਹਾ ਕਿ ਬੱਲਭਗੜ੍ਹ ਤੋਂ ਕੌਮੀ ਰਾਜਧਾਨੀ ਜਾਣ ਵਾਲੇ ਲੋਕ ਜਾਣਦੇ ਹਨ ਕਿ ਦਿੱਲੀ ਵਿੱਚ ਪਾਣੀ, ਬਿਜਲੀ, ਸਕੂਲ, ਹਸਪਤਾਲ ਵਧੀਆ ਬਣਾਏ ਗਏ ਹਨ ਤੇ ਮੁਫ਼ਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਕਿ ਬੱਲਭਗੜ੍ਹ ਵਿੱਚ ਸੜਕਾਂ, ਪਾਣੀ ਤੇ ਬਿਜਲੀ, ਸੀਵਰੇਜ, ਕੂੜੇ ਦੀ ਸਮੱਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ ਰਵਿੰਦਰ ਫੌਜਦਾਰ ਕਰੇਗਾ ਕਿਉਂਕਿ ਇਹ ਤੁਹਾਡੇ ਵਿੱਚੋਂ ਹੀ ਹੈ ਤੇ ਇੱਥੋਂ ਦਾ ਵਸਨੀਕ ਹੈ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਫੌਜਦਾਰ ਰਾਤ ਦੋ ਵਜੇ ਵੀ ਤੁਹਾਡਾ ਕੰਮ ਕਰਨ ਆਵੇਗਾ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਨੌਜਵਾਨ ਮੌਜੂਦ ਸਨ।