ਉੱਤਰਾਖੰਡ ਦੇ ਸਮੂਹਿਕ ਜਬਰ ਜਨਾਹ ਮਾਮਲੇ ’ਚ ਪੰਜ ਮੁਲਜ਼ਮ ਦੀ ਹੋਈ ਗ੍ਰਿਫ਼ਤਾਰੀ
ਦੇਹਰਾਦੂਨ : ਭਾਰਤ ਦੇਸ਼ ਦੇ ਉਤਰਾਖੰਡ ਸੂਬੇ ਦੇ ਦੇਹਰਾਦੂਨ ਵਿਖੇ ਸਥਾਨਕ ਬੱਸ ਅੱਡੇ ਦਿੱਲੀ-ਦੇਹਰਾਦੂਨ ਬੱਸ ’ਚ ਨਾਬਾਲਗ ਲੜਕੀ ਨਾਲ ਕਥਿਤ ਜਬਰ-ਜਨਾਹ ਮਾਮਲੇ ’ਚ ਪੁਲਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੇਹਰਾਦੂਨ ਦੇ ਐੱਸਪੀ ਅਜੈ ਸਿੰਘ ਨੇ ਦੱਸਿਆ ਕਿ ਉਕਤ ਘਟਨਾ 12 ਅਗਸਤ ਨੂੰ ਵਾਪਰੀ ਸੀ ਅਤੇ ਪੁਲਸ ਨੂੰ ਇਸ ਦੀ ਸ਼ਿਕਾਇਤ ਦੇਹਰਾਦੂਨ ਬਾਲ ਭਲਾਈ ਕਮੇਟੀ (ਡੀਸੀਡਬਲਿਊਸੀ) ਵੱਲੋਂ ਸ਼ਨੀਰਵਾਰ ਨੂੰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਉੱਤਰਾਖੰਡ ਰੋਡਵੇਜ਼ ਦੀ ਬੱਸ ਦੀ ਪਛਾਣ ਕਰਕੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਧਰਮੇਂਦਰ ਕੁਮਾਰ (32) ਤੇ ਰਾਜਪਾਲ (57) ਤੇ ਦੇਵੇਂਦਰ (52) ਵਾਸੀ ਹਰਿਦੁਆਰ (ਉੱਤਰਾਖੰਡ), ਰਾਜੇਸ਼ ਕੁਮਾਰ ਸੋਨਕਰ (38) ਵਾਸੀ ਦੇਹਰਾਦੂਨ ਅਤੇ ਰਵੀ ਕੁਮਾਰ (34) ਵਾਸੀ ਫਾਰੁਖ਼ਾਬਾਦ, ਉੱਤਰ ਪ੍ਰਦੇਸ਼ ਵਜੋਂ ਦੱਸੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਵਾਰਦਾਤ ਲਈ ਵਰਤੀ ਗਈ ਉੱਤਰਾਖੰਡ ਰੋਡਵੇਜ਼ ਦੀ ਬੱਸ ਜ਼ਬਤ ਕਰ ਲਈ ਗਈ ਹੈ। ਪੁਲਸ ਨੇ ਕਿਹਾ ਕਿ ਦੇਹਰਾਦੂਨ ਬਾਲ ਭਲਾਈ ਕਮੇਟੀ (ਡੀਸੀਡਬਲਿਊਸੀ) ਨੂੰ 12 ਅਗਸਤ ਰਾਤ ਨੂੰ ਇਥੋਂ ਅੰਤਰਰਾਜੀ ਬੱਸ ਟਰਮੀਨਲ ਤੋਂ 16-17 ਸਾਲਾਂ ਦੀ ਇੱਕ ਲੜਕੀ ਮਿਲੀ ਸੀ ਜਿਸ ਨੂੰ ਬਾਲ ਨਿਕੇਤਨ ’ਚ ਭੇਜਿਆ ਗਿਆ ਸੀ। ਲੜਕੀ ਨੇ ਬਾਲ ਨਿਕੇਤਨ ’ਚ ਅਧਿਕਾਰੀਆਂ ਨੂੰ ਆਪਣੇ ਵਾਪਰੀ ਘਟਨਾ ਬਾਰੇ ਦੱਸਿਆ ਸੀ।