ਕਾਂਗਰਸ ਜੰਮੂ ਕਸ਼ਮੀਰ ’ਚ ਦਿੱਲੀ ਦੀ ਨਹੀਂ, ਸਗੋਂ ਸਥਾਨਕ ਲੋਕਾਂ ਦੀ ਸਰਕਾਰ ਚਾਹੁੰਦੀ ਹੈ : ਰਾਹੁਲ
ਸੂਰਨਕੋਟ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਕਾਂਗਰਸ ਜੰਮੂ ਕਸ਼ਮੀਰ ’ਚ ਦਿੱਲੀ ਦੀ ਨਹੀਂ, ਸਗੋਂ ਸਥਾਨਕ ਲੋਕਾਂ ਦੀ ਸਰਕਾਰ ਚਾਹੁੰਦੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਪਾਰਟੀ ਵਿਧਾਨ ਸਭਾ ਚੋਣਾਂ ਮਗਰੋਂ ਕੇਂਦਰ ’ਤੇ ਜੰਮੂ ਕਸ਼ਮੀਰ ਦਾ ਸੂਬੇ ਵਜੋਂ ਦਰਜਾ ਬਹਾਲ ਕਰਾਉਣ ਲਈ ਦਬਾਅ ਬਣਾਏਗੀ। ਪੁਣਛ ਜ਼ਿਲ੍ਹੇ ਦੇ ਸੂਰਨਕੋਟ ਵਿਧਾਨ ਸਭਾ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਦਾਅਵਾ ਕੀਤਾ ਕਿ ‘ਇੰਡੀਆ ਬਲਾਕ’ ਨੇ ਲੋਕ ਸਭਾ ਚੋਣਾਂ ਮਗਰੋਂ ਉਨ੍ਹਾਂ ਦੀ ਮਾਨਸਿਕਤਾ ਨੂੰ ਤੋੜ ਦਿੱਤਾ ਹੈ। ‘ਉਹ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਦੇ ਸਨ ਪਰ ਹੁਣ ਉਨ੍ਹਾਂ ’ਚ ਉਹ ਦਮ ਨਹੀਂ ਰਿਹਾ।’ ਲੋਕ ਸਭਾ ਮੈਂਬਰ ਨੇ ਭਾਜਪਾ ਤੇ ਆਰਐੱਸਐੱਸ ’ਤੇ ਮੁਲਕ ’ਚ ਨਫ਼ਰਤ ਅਤੇ ਹਿੰਸਾ ਫੈਲਾਉਣ ਅਤੇ ਜਾਤ, ਪਾਤ, ਧਰਮ, ਖ਼ਿੱਤੇ ਤੇ ਭਾਸ਼ਾ ਦੇ ਨਾਮ ’ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਪਹਿਲੀ ਵਾਰ ਹੋਇਆ ਕਿ ਕਿਸੇ ਸੂਬੇ (ਜੰਮੂ ਕਸ਼ਮੀਰ) ਦੇ ਦਰਜੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਬਦਲ ਦਿੱਤਾ ਗਿਆ ਅਤੇ ਤੁਹਾਡੇ ਜਮਹੂਰੀ ਹੱਕਾਂ ਨੂੰ ਖੋਹ ਲਿਆ ਗਿਆ।’’ ਰੈਲੀ ’ਚ ਕਾਂਗਰਸ ਦੀ ਭਾਈਵਾਲ ਪਾਰਟੀ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਵੀ ਹਾਜ਼ਰ ਸਨ। ਰਾਹੁਲ ਨੇ ਲੋਕਾਂ ਨੂੰ ਕਿਹਾ ਕਿ ਉਹ ਸੰਸਦ ’ਚ ਉਨ੍ਹਾਂ ਦੀ ਆਵਾਜ਼ ਬਣਨਗੇ ਅਤੇ ਜਦੋਂ ਵੀ ਆਖਣਗੇ ਉਹ ਹਾਜ਼ਰ ਹੋ ਜਾਣਗੇ। ਬੇਰੁਜ਼ਗਾਰੀ ਦੇ ਮੁੱਦੇ ’ਤੇ ਮੋਦੀ ਉਪਰ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਡਾਨੀ ਅਤੇ ਅੰਬਾਨੀ ਵਰਗੇ 25 ਵੱਡੇ ਕਾਰੋਬਾਰੀਆਂ ਦੇ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰ ਦਿੱਤੇ ਹਨ ਪਰ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਨੂੰ ਖ਼ਤਮ ਕਰ ਦਿੱਤਾ ਹੈ।