ਜਲੰਧਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਈਆਂ
ਜਲੰਧਰ : ਨਗਰ ਨਿਗਮ ਅਤੇ ਪਬਲਿਕ ਹੈਲਥ ਵਿਭਾਗ ਵੱਲੋਂ ਮਹਾਤਮਾ ਗਾਂਧੀ ਦੀ 155ਵੀਂ ਜੈਯੰਤੀ ਮੌਕੇ ਕਰਵਾਏ ਸਮਾਗਮ ਦੌਰਾਨ ਪ੍ਰਬੰਧਕਾਂ ਨੂੰ ਉਦੋਂ ਭਾਜੜਾਂ ਪੈ ਗਈਆਂ ਜਦੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੱਗੀਆਂ ਐਨਕਾਂ ਗਾਇਬ ਹੋ ਗਈਆਂ। ਪਹਿਲਾਂ ਤਾਂ ਸਾਰੇ ਐਨਕਾਂ ਇੱਧਰ-ਉੱਧਰ ਲੱਭਦੇ ਰਹੇ, ਪਰ ਜਦੋਂ ਕੋਈ ਵਾਹ ਪੇਸ਼ ਨਾ ਗਈ ਤਾਂ ਕਾਹਲੀ ਵਿੱਚ ਐਨਕਾਂ ਦੀ ਦੁਕਾਨ ਖੁੱਲ੍ਹਵਾ ਕੇ ਬੁੱਤ ’ਤੇ ਲੱਗੀਆਂ ਐਨਕਾਂ ਦੇ ਨਾਲ ਮੇਲ ਖਾਂਦੀਆਂ ਐਨਕਾਂ ਲਿਆਂਦੀਆਂ ਗਈਆਂ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਗੋਲ ਸ਼ੀਸ਼ਿਆਂ ਵਾਲੀ ਐਨਕ ਲਾਇਆ ਕਰਦੇ ਸਨ ਤੇ ਉਨ੍ਹਾਂ ਦੇ ਨਗਰ ਨਿਗਮ ਵਿੱਚ ਲੱਗੇ ਬੁੱਤ ’ਤੇ ਵੀ ਗੋਲ ਸ਼ੀਸ਼ਿਆਂ ਵਾਲੀਆਂ ਐਨਕਾਂ ਸਨ, ਪਰ ਬੁੱਤ ਦੇ ਲੱਗੀਆਂ ਐਨਕਾਂ ਅਚਾਨਕ ਕਿਧਰੇ ਗਾਇਬ ਹੋਣ ਨਾਲ ਪ੍ਰਬੰਧਕ ਅਧਿਕਾਰੀਆਂ ਦੇ ਹੱਥ ਪੈਰ ਫੁੱਲਣ ਲੱਗੇ। ਆਖਰਕਾਰ ਜਦੋਂ ਐਨਕ ਨਾ ਲੱਭੀ ਤਾਂ ਸਿਲਵਰ ਫਰੇਮ ਵਾਲੀ ਐਨਕ ਲਗਾ ਕੇ ਬੁੱਤਾ ਸਾਰਿਆ ਗਿਆ। ਮਹਾਤਮਾ ਗਾਂਧੀ ਦੀ ਗੋਲ ਐਨਕ ਨੂੰ ਭਾਰਤ ਸਰਕਾਰ ਨੇ ਸਵੱਛ ਭਾਰਤ ਮਿਸ਼ਨ ਦਾ ਲੋਗੋ ਵੀ ਬਣਾਇਆ ਹੋਇਆ ਹੈ। ਅੱਜ ਵਾਲਾ ਸਮਾਗਮ ਵੀ ਸਵੱਛ ਭਾਰਤ ਮਿਸ਼ਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਕਰਵਾਇਆ ਜਾਣਾ ਸੀ।