ਜੋਧਪੁਰ ਸੈਂਟਰਲ ਜੇਲ ਵਿਚ ਸਜ਼ਾ ਕੱਟ ਰਹੇ ਆਸਾਰਾਮ ਦੀ ਮੁੜ ਵਿਗੜੀ ਸਿਹਤ
ਜੋਧਪੁਰ :ਯੋਨ ਸ਼ੋਸ਼ਣ ਮਾਮਲੇ ‘ਚ ਆਖਰੀ ਸਾਹ ਤੱਕ ਜੋਧਪੁਰ ਸੈਂਟਰਲ ‘ਚ ਸਜ਼ਾ ਕੱਟ ਰਹੇ ਆਸਾਰਾਮ ਦੀ ਸਿਹਤ ਇਕ ਵਾਰ ਫਿਰ ਵਿਗੜ ਗਈ ਹੈ। ਆਸਾਰਾਮ ਨੂੰ ਛਾਤੀ ਵਿੱਚ ਦਰਦ ਦੀ ਸਿ਼ਕਾਇਤ ਤੋਂ ਬਾਅਦ ਜਾਂਚ ਲਈ ਏਮਜ਼ ਹਸਪਤਾਲ ਲਿਆਂਦਾ ਗਿਆ ਸੀ। ਮੈਡੀਕਲ ਚੈਕਅੱਪ ਤੋਂ ਬਾਅਦ ਆਸਾਰਾਮ ਨੂੰ ਇਲਾਜ ਲਈ ਉੱਥੇ ਦਾਖਲ ਕਰਵਾਇਆ ਗਿਆ ਹੈ। ਆਸਾਰਾਮ ਦੀ ਖਰਾਬ ਸਿਹਤ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਚਿੰਤਤ ਹੋ ਗਏ ਅਤੇ ਏਮਜ਼ ਪਹੁੰਚਣਾ ਸ਼ੁਰੂ ਕਰ ਦਿੱਤਾ। ਆਸਾਰਾਮ ਸਮਰਥਕਾਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਉੱਥੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਆਸਾਰਾਮ ਨੂੰ ਸ਼ੁੱਕਰਵਾਰ ਸ਼ਾਮ ਨੂੰ ਛਾਤੀ ‘ਚ ਦਰਦ ਮਹਿਸੂਸ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਏਮਜ਼ ਹਸਪਤਾਲ ਲਿਜਾਇਆ ਗਿਆ। ਉੱਥੇ ਜ਼ਰੂਰੀ ਡਾਕਟਰੀ ਜਾਂਚ ਕੀਤੀ ਗਈ। ਬਾਅਦ ਵਿੱਚ ਆਸਾਰਾਮ ਨੂੰ ਉੱਥੇ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਪੂਰੀ ਟੀਮ ਉਨ੍ਹਾਂ ਦੀ ਦੇਖਭਾਲ ਵਿੱਚ ਲੱਗੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਆਸਾਰਾਮ ਤਿੰਨ ਦਿਨਾਂ ਤੋਂ ਛਾਤੀ ‘ਚ ਦਰਦ ਦੀ ਸ਼ਿਕਾਇਤ ਕਰ ਰਹੇ ਸਨ। ਇਸ ’ਤੇ ਪਹਿਲਾਂ ਉਨ੍ਹਾਂ ਦਾ ਜੇਲ੍ਹ ਵਿੱਚ ਹੀ ਮੁੱਢਲਾ ਇਲਾਜ ਕਰਵਾਇਆ ਗਿਆ। ਪਰ ਸ਼ੁੱਕਰਵਾਰ ਨੂੰ ਦਰਦ ਵਧਣ ‘ਤੇ ਉਨ੍ਹਾਂ ਨੂੰ ਏਮਜ਼ ਲਿਆਂਦਾ ਗਿਆ।