ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਅਮਰਾਲੀ ਵਾਸੀਆਂ ਪਕੜਿਆ ਤੇਂਦੂਆ ਬੁਰਜ
ਪਟਿਆਲਾ : ਖਮਾਣੋ ਅਤੇ ਸੰਘੋਲ ਦੇ ਆਸ ਪਾਸ ਦੇ ਪਿੰਡਾਂ `ਚ ਪਿਛਲੇ ਤਿੰਨ ਦਿਨਾਂ ਤੋਂ ਘੁੰਮ ਰਿਹਾ ਤੇਂਦੁਆ ਬੁਰਜ, ਸੁਹਾਵੀ ਅਤੇ ਸਿੱਧੂਪੁਰ ਕਲਾਂ ਸਿੱਧੂਪੁਰ ਖੁਰਦ ਤੋਂ ਹੁੰਦਾ ਹੋਇਆ ਭਾਰੀ ਮੁਸ਼ੱਕਤ ਤੋਂ ਬਾਅਦ ਪਿੰਡ ਅਮਰਾਲੀ ਦੇ ਲੋਕਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਆਖ਼ਰ ਕਾਬੂ ਕਰ ਲਿਆ। ਇਸ ਸਬੰਧੀ ਪਿੰਡ ਸਿੱਧੂਪੁਰ ਕਲਾਂ ਦੇ ਸਥਾਨਕ ਲੋਕਾਂ ਨੇ ਐੱਸ.ਡੀ.ਐੱਮ. ਖਮਾਣੋ ਮਨਨੀਤ ਕੌਰ ਰਾਣਾ ਨੂੰ ਸੂਚਿਤ ਕੀਤਾ ਸੀ, ਜਿਸ ਉਪਰੰਤ ਐੱਸ.ਡੀ.ਐੱਮ. ਖਮਾਣੋ ਨੇ ਜੰਗਲਾਤ ਵਿਭਾਗ ਦੀ ਟੀਮ ਨੂੰ ਪਿੰਡ ਅਮਰਾਲੀ ਭੇਜਿਆ, ਜਿੱਥੇ ਜੰਗਲਾਤ ਵਿਭਾਗ ਦੀ ਟੀਮ ਨੇ ਪਿੰਡ ਅਮਰਾਲੀ ਅਤੇ ਸਿੱਧੂਪੁਰ ਕਲਾਂ ਦੇ ਲੋਕਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਤੋਂ ਘੁੰਮ ਰਹੇ ਤੇਂਦੂਏ ਨੂੰ ਕਾਬੂ ਕਰਕੇ ਪਿੰਜਰੇ `ਚ ਪਾ ਲਿਆ। ਸਥਾਨਕ ਪਿੰਡ ਅਮਰਾਲੀ ਦੇ ਸੁਖਵਿੰਦਰ ਸਿੰਘ ਲਾਲੀ ਅਤੇ ਗੁਰਪ੍ਰੀਤ ਸਿੰਘ ਅਮਰਾਲੀ, ਸੁਖਵੰਤ ਸਿੰਘ ਸੁੱਖਾ ਸਿੱਧੂਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ `ਚ ਬੀਤੀ ਰਾਤ ਤੋਂ ਤੇਂਦੁਆ ਘੁੰਮ ਰਿਹਾ ਹੈ, ਜਿਸ ਕਰ ਕੇ ਉਨ੍ਹਾਂ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਸੀ, ਪ੍ਰੰਤੂ ਵਣ ਵਿਭਾਗ ਦੇ ਕਰਮਚਾਰੀ ਪਿੰਡ ਸਿੱਧੂਪੁਰ ਕਲਾਂ ਪਹੁੰਚੇ, ਜਿੱਥੇ ਉਹ ਗੇੜਾ ਮਾਰ ਕੇ ਵਾਪਸ ਮੁੜ ਗਏ। ਇਸ ਉਪਰੰਤ ਉਨ੍ਹਾਂ ਨੇ ਐੱਸ.ਡੀ.ਐੱਮ. ਖਮਾਣੋ ਨੂੰ ਸੂਚਿਤ ਕੀਤਾ ਤਾਂ ਐੱਸ.ਡੀ.ਐੱਮ. ਖਮਾਣੋ ਨੇ ਵਣ ਕਰਮਚਾਰੀਆਂ ਨੂੰ ਮੌਕੇ `ਤੇ ਭੇਜਿਆ, ਜਿੱਥੇ ਪਿੰਡ ਅਮਰਾਲੀ ਦੇ ਲੋਕਾਂ ਦੇ ਸਹਿਯੋਗ ਨਾਲ ਦੋ ਰਾਤਾਂ ਤੋਂ ਘੁੰਮ ਰਹੇ ਤੇਂਦੁਏ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਗਿਆ।