ਟੋਲ ਪਲਾਜਾ ਮੁਲਾਜਮ ਲੜਕੀ ਦੀ ਹਰਿਆਣਾ ਮਹਿਲਾ ਸਬ ਇੰਸਪੈਕਟਰ ਵਲੋਂ ਕੁੱਟਮਾਰ ਕਰਨ ਦਾ ਮਾਮਲਾ ਭਖਿਆ
ਪਟਿਆਲਾ (ਬਹਾਦਰਗੜ੍ਹ)-ਪਟਿਆਲਾ ਰਾਜਪੁਰਾ ਰੋਡ ’ਤੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਐਨਐਚਏਆਈ ਦੇ ਟੋਲ ਪਲਾਜਾ ’ਤੇ ਟੋਲ ਮੁਲਾਜ਼ਮ ਲੜਕੀ ਨਾਲ ਹਰਿਆਣਾ ਪੁਲਿਸ ਦੀ ਇੱਕ ਮਹਿਲਾ ਸਬ ਇੰਸਪੈਕਟਰ ਵੱਲੋਂ ਕੀਤੀ ਕੁੱਟਮਾਰ ਦਾ ਮਾਮਲਾ ਭਖ ਗਿਆ ਹੈ। ਕੁੱਟ ਮਾਰ ਦਾ ਸ਼ਿਕਾਰ ਹੋਈ ਟੋਲ ਮੁਲਾਜ਼ਮ ਲੜਕੀ ਰਮਨਦੀਪ ਕੌਰ ਦਾ ਪਰਿਵਾਰ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦਾ ਇਕੱਠ ਕਰਕੇ ਪੁਲਸ ਚੌਂਕੀ ਬਹਾਦਰਗੜ੍ਹ ਵਿਖੇ ਪਹੁੰਚ ਗਿਆ ਅਤੇ ਬੁੱਧਵਾਰ ਨੂੰ ਕੀਤੇ ਰਾਜੀਨਾਮੇ ਨੂੰ ਰੱਦ ਕਰਦਿਆਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਆਗੂ ਭੁਪਿੰਦਰ ਸਿੰਘ, ਗੁਰਬਿੰਦਰ ਸਿੰਘ ਸਰਪੰਚ ਮੁਹੱਬਤਪੁਰ, ਪ੍ਰਤਾਪ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸਿਮਰਨਜੀਤ ਸਿੰਘ ਤੇ ਹੈਪੀ ਸਮੇਤ ਇਕੱਤਰ ਹੋਏ ਹੋਰਨਾਂ ਲੋਕਾਂ ਨੇ ਕਿਹਾ ਕਿ ਮਹਿਲਾ ਸਬ ਇੰਸਪੈਕਟਰ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਅਤੇ ਸਾਡੀ ਲੜਕੀ ਨਾਲ ਧੱਕਾ ਹੋਇਆ ਹੈ। ਬੱਚਿਆਂ ਤੋਂ ਪਰਿਵਾਰ ਦੀ ਗੈਰਹਾਜਰੀ ’ਚ ਰਾਜੀਨਾਮਾ ਕਰਵਾ ਕੇ ਮਾਮਲਾ ਰਫਾ ਦਫਾ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਰਾਜੀਨਾਮਾ ਮਨਜੂਰ ਨਹੀਂ ਹੈ। ਮੁਲਜਮ ਮਹਿਲਾ ਸਬ ਇੰਸਪੈਕਟਰ ਨੂੰ ਚੌਂਕੀ ਬੁਲਾਇਆ ਜਾਵੇ ਫੇਰ ਹੀ ਕੋਈ ਫੈਸਲਾ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਇਨਸਾਫ ਨਾ ਕੀਤਾ ਤਾਂ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ।