ਚੰਡੀਗੜ੍ਹ ਲੋਕ ਸਭਾ ਸੀਟ ’ਤੇ ਕਾਨੂੰਨੀ ਲੜਾਈ
ਟੰਡਨ ਨੇ ਸ੍ਰੀ ਤਿਵਾੜੀ ’ਤੇ ਚੋਣਾਂ ਦੌਰਾਨ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ
ਚੰਡੀਗੜ੍ਹ, 10 ਅਗਸਤ : ਲੋਕ ਸਭ ਦੀਆਂ ਸਾਲ 2024 ਦੀਆਂ ਚੋਣਾਂ ਵਿੱਚ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ਨੂੰ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਸੰਜੇ ਟੰਡਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਚੰਡੀਗੜ੍ਹ ਹਲਕੇ ਤੋਂ ਮਨੀਸ਼ ਤਿਵਾੜੀ ਨੇ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ 2504 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ । ਭਾਜਪਾ ਦਫ਼ਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਾਇਰ ਪਟੀਸ਼ਨ ਵਿੱਚ ਸ੍ਰੀ ਟੰਡਨ ਨੇ ਸ੍ਰੀ ਤਿਵਾੜੀ ’ਤੇ ਚੋਣਾਂ ਦੌਰਾਨ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਪਟੀਸ਼ਨ ਮੁਤਾਬਕ ਸ੍ਰੀ ਤਿਵਾੜੀ ਨੂੰ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਈ ਰਿਟਰਨਿੰਗ ਅਫ਼ਸਰ ਨੇ ਤਾੜਨਾ ਕੀਤੀ ਸੀ। ਇਸ ਦੇ ਬਾਵਜੂਦ ਸ੍ਰੀ ਤਿਵਾੜੀ ਤੇ ਉਨ੍ਹਾਂ ਦੇ ਸਮਰਥਕ ਚੋਣ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਵਿੱਚ ਲੱਗੇ ਰਹੇ। ਜਾਣਕਾਰੀ ਅਨੁਸਾਰ ਪਟੀਸ਼ਨ ਵਿੱਚ ਸ੍ਰੀ ਤਿਵਾੜੀ ਦੀ ਚੋਣ ਰੱਦ ਕਰਨ ਅਤੇ ਸੰਜੇ ਟੰਡਨ ਨੂੰ ਚੰਡੀਗੜ੍ਹ ਲਈ ਢੁੱਕਵੇਂ ਸੰਸਦ ਮੈਂਬਰ ਐਲਾਨਣ ਦੀ ਮੰਗ ਕੀਤੀ ਗਈ ਹੈ। ਇਸ ਵਿਚ ਤਿਵਾੜੀ ਦੇ ਨਾਲ-ਨਾਲ ਇੰਡੀਅਨ ਨੈਸ਼ਨਲ ਕਾਂਗਰਸ ਅਤੇ ‘ਆਪ’ ਤੇ ਵਿੱਤੀ ਲਾਲਚ ਅਤੇ ਨੌਕਰੀਆਂ ਦੀ ਗਾਰੰਟੀ ਸਣੇ ਵੋਟਰਾਂ ਨੂੰ ਗੁਮਰਾਹਕੁਨ ਵਾਅਦੇ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਭ੍ਰਿਸ਼ਟ ਅਮਲ ਆਰਪੀ ਐਕਟ ਦੀ ਧਾਰਾ 123 ਦੇ ਨਾਲ ਪੜ੍ਹੀ ਗਈ ਧਾਰਾ 100 ਤੇ 101 ਦੇ ਤਹਿਤ ਉਸ ਦੀ ਚੋਣ ਨੂੰ ਰੱਦ ਕਰਨ ਦਾ ਆਧਾਰ ਹਨ। ਇਸ ਕੇਸ ਦੀ ਪੈਰਵੀ ਵਕੀਲ ਚੇਤਨ ਮਿੱਤਲ, ਆਸ਼ੂ ਐਮ ਪੁੰਛੀ ਤੇ ਸਤਯਮ ਟੰਡਨ ਵੱਲੋਂ ਕੀਤੀ ਜਾ ਰਹੀ ਹੈ। ਭਾਜਪਾ ਅਨੁਸਾਰ ਅਦਾਲਤ ਨੇ 7 ਅਗਸਤ ਨੂੰ ਨੋਟਿਸ ਆਫ਼ ਮੋਸ਼ਨ ਜਾਰੀ ਕੀਤਾ ਸੀ, ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ ਨੂੰ ਤੈਅ ਕੀਤੀ ਗਈ ਹੈ। ਉਧਰ, ਦੂਜੇ ਪਾਸੇ ਇਸ ਬਾਰੇ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਸੰਸਦ ਮੈਂਬਰ ਮਨੀਸ਼ ਤਿਵਾੜੀ ਨੂੰ ਹਾਲੇ ਤੱਕ ਪਟੀਸ਼ਨ ਸਬੰਧੀ ਅਜਿਹਾ ਕੋਈ ਨੋਟਿਸ ਨਹੀਂ ਮਿਲਿਆ।