ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਨੌਜਵਾਨ ਦੀ ਮੌਤ
ਖਰੜ : ਪੰਜਾਬ ਦੇ ਖਰੜ ਵਿਖੇ ਬੱਸ ਸਟੈਂਡ ਨੇੜੇ ਬਣੇ ਇਕ ਗੈਸਟ ਹਾਊਸ ’ਚ ਆਪਣੀ ਮਹਿਲਾ ਮਿੱਤਰ ਨਾਲ ਜਨਮ ਦਿਨ ਮਨਾਉਣ ਆਏ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦੇ ਚਲਦਿਆਂ ਸਿਵਲ ਹਸਪਤਾਲ ਖਰੜ ਵਿਖੇ ਇਕ ਲੜਕੀ ਵੱਲੋਂ ਭੇਦਭਰੇ ਹਾਲਾਤਾਂ ’ਚ ਨੌਜਵਾਨ ਨੂੰ ਮ੍ਰਿਤਕ ਹਾਲਤ ’ਚ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਸਿਵਲ ਹਸਪਤਾਲ ਖਰੜ ਦੇ ਐੱਸ.ਐੱਮ.ਓ. ਡਾ. ਪਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਇਕ ਲੜਕੀ ਵਲੋਂ ਇਕ ਨੌਜਵਾਨ ਨੂੰ ਟੈਕਸੀ ਕਾਰ ’ਚ ਹਸਪਤਾਲ ਲਿਆਂਦਾ ਗਿਆ ਜਿਸ ਨੂੰ ਜਦੋਂ ਐਮਰਜੈਂਸੀ ’ਚ ਪਹੁੰਚਾਇਆ ਗਿਆ ਤਾਂ ਜਾਂਚ ਕਰਨ ’ਤੇ ਡਿਊਟੀ `ਤੇ ਮੌਜੂਦ ਡਾ. ਜਸਪ੍ਰੀਤ ਸਿੰਘ ਬਸੋਤਾ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਨੇ ਹਸਪਤਾਲ ਤੇ ਰਜਿਸਟਰ ’ਚ ਕਰਵਾਈ ਐਂਟਰੀ ’ਚ ਮ੍ਰਿਤਕ ਲੜਕੇ ਦਾ ਨਾਂ ਅਕਵਿੰਦਰ ਸਿੰਘ (32) ਵਾਸੀ ਪਿੰਡ ਨੌਗਾਵਾਂ ਨੇੜੇ ਬੱਸੀ ਪਠਾਣਾ ਦੱਸਿਆ ਹੈ ਅਤੇ ਲੜਕੀ ਵੱਲੋਂ ਆਪਣਾ ਨਾਂ ਦੀਪਾ ਦੱਸਿਆ ਗਿਆ ਜੋ ਕਿ ਚੰਡੀਗੜ੍ਹ ਦੀ ਰਹਿਣ ਵਾਲੀ ਹੈ।