ਪਤਨੀ ਦੀ ਡਿਲਵਰੀ ਤੇ ਪ੍ਰਾਈਵੇਟ ਹਸਪਤਾਲ ਵਿਚ ਆਏ ਖਰਚਾ ਰਾਸ਼ੀ ਨੂੰ ਦੇਣ ਲਈ ਗਰੀਬ ਪਤੀ ਨੇ ਮੰਗੀ ਭੀਖ
ਮਾਛੀਵਾੜਾ : ਪੰਜਾਬ ਦੇ ਸ਼ਹਿਰ ਮਾਛੀਵਾੜਾ ਸਾਹਿਬ ਵਿਖੇ ਝੁੱਗੀ ਬਣਾ ਕੇ ਰਹਿੰਦੇ ਇਕ ਗਰੀਬ ਵਿਅਕਤੀ ਨੂੰ ਉਸ ਸਮੇਂ ਭੀਖ ਮੰਗ ਕੇ ਇਕ ਪ੍ਰਾਈਵੇਟ ਹਸਪਤਾਲ ਦਾ ਖਰਚਾ ਦੇਣਾ ਪੈ ਗਿਆ ਜਦੋਂ ਉਸਦੀ ਪਤਨੀ ਦੀ ਡਿਲਵਰੀ ਸਰਕਾਰੀ ਹਸਪਤਾਲ ਵਿਚ ਡਾਕਟਰ ਦੀ ਕਮੀ ਦੇ ਚਲਦਿਆਂ ਨਾ ਹੋ ਕੇ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਕਰਾਉਣ ਲਈ ਮਜ਼ਬੂਰ ਹੋਣਾ ਪਿਆ।
ਦੱਸਣਯੋਗ ਹੈ ਕਿ ਮਾਛੀਵਾੜਾ ਸਾਹਿਬ ਵਿਖੇ ਝੁੱਗੀ ਬਣਾ ਕੇ ਰਹਿੰਦੇ ਅਭਿਸ਼ੇਕ ਨੇ ਦੱਸਿਆ ਕਿ ਉਹ ਆਪਣੀ ਪਤਨੀ ਪਾਇਲ ਵਾਸੀ ਬਲੀਬੇਗ ਨੂੰ ਜਣੇਪੇ ਦੀਆਂ ਦਰਦਾਂ ਛਿੜਨ ’ਤੇ ਇਲਾਜ ਲਈ ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਲੈ ਗਿਆ। ਉੱਥੇ ਮੌਜੂਦ ਨਰਸਾਂ ਨੇ ਉਸ ਨੂੰ ਦਾਖ਼ਲ ਕਰ ਲਿਆ ਤੇ ਇਲਾਜ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ’ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਕਿ ਇਸ ਸਮੇਂ ਹਸਪਤਾਲ ’ਚ ਕੋਈ ਡਾਕਟਰ ਨਹੀਂ ਹੈ, ਇਸ ਲਈ ਉਹ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਲੈ ਜਾਵੇ। ਅਭਿਸ਼ੇਕ ਨੇ ਦੱਸਿਆ ਕਿ ਉਹ ਬੜੀ ਮੁਸ਼ਕਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਲੈ ਕੇ ਗਿਆ, ਜਿੱਥੇ ਉਸ ਦਾ ਡਾਕਟਰਾਂ ਨੇ ਇਲਾਜ ਕੀਤਾ ਤੇ 15 ਹਜ਼ਾਰ ਰੁਪਏ ਦਾ ਖ਼ਰਚਾ ਦੱਸਿਆ। ਅਭਿਸ਼ੇਕ ਨੇ ਦੱਸਿਆ ਕਿ ਉਹ ਬੇਹੱਦ ਗ਼ਰੀਬ ਹੈ ਅਤੇ ਮਜ਼ਦੂਰੀ ਕਰਦਾ ਹੈ, ਉਸ ਕੋਲ 15 ਹਜ਼ਾਰ ਰੁਪਏ ਨਹੀਂ ਸਨ। ਇਲਾਜ ਦੇ 15 ਹਜ਼ਾਰ ਰੁਪਏ ਇਕੱਠੇ ਕਰਨ ਲਈ ਉਸ ਨੇ ਬਾਜ਼ਾਰਾਂ ’ਚੋਂ ਡਾਕਟਰੀ ਦਵਾਈਆਂ ਦੀਆਂ ਪਰਚੀਆਂ ਤੇ ਬਿੱਲ ਦਿਖਾ ਕੇ ਭੀਖ ਮੰਗਣੀ ਸ਼ੁਰੂ ਕਰ ਦਿੱਤੀ ਤੇ ਕੁਝ ਪੈਸੇ ਇਕੱਠੇ ਕੀਤੇ।