ਪੀ. ਪੀ. ਸੀ. ਸੀ. ਪ੍ਰਧਾਨ ਵੜਿੰਗ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਮਾਮਿਆਂ ਨੂੰ ਦਿਖਾਇਆ ਕਾਂਗਰਸ ਪਾਰਟੀ ’ਚੋਂ ਬਾਹਰ ਦਾ ਰਸਤਾ
ਲੁਧਿਆਣਾ,7 ਅਗਸਤ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦੇ ਮਾਮਾ ਤੇਜਿੰਦਰ ਸਿੰਘ ਕੂੰਨਰ ਸਾਬਕਾ ਚੇਅਰਮੈਨ ਸਹਿਕਾਰੀ ਬੈਂਕ ਲੁਧਿਆਣਾ, ਰਾਜਵੰਤ ਸਿੰਘ ਕੂੰਨਰ ਸਾਬਕਾ ਚੇਅਰਮੈਨ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਰਾਜਾ ਵੜਿੰਗ ਵਲੋਂ ਜਾਰੀ ਪੱਤਰ ਅਨੁਸਾਰ ਉਕਤ ਦੋਵਾਂ ਆਗੂਆਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰ ਦੀ ਵਿਰੋਧਤਾ ਕਰਨ, ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸਾਸ਼ਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ ਕਾਂਗਰਸ ’ਚੋਂ ਕੱਢਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰੀ ਰਵਨੀਤ ਸਿੰਘ ਬਿੱਟੂ ਜਿਨ੍ਹਾਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ਼ ਚੋਣ ਲੜੀ ਸੀ ਅਤੇ ਬਿੱਟੂ ਦੇ ਮਾਮਾ ਰਾਜਵੰਤ ਸਿੰਘ ਕੂੰਨਰ ਤੇ ਤੇਜਿੰਦਰ ਸਿੰਘ ਕੂੰਨਰ ਜਿਨ੍ਹਾਂ ਨੇ ਲੁਧਿਆਣਾ ਵਿਖੇ ਆ ਕੇ ਆਪਣੇ ਭਾਣਜੇ ਦੇ ਹੱਕ ਵਿਚ ਚੋਣ ਕਮਾਨ ਸੰਭਾਲਦਿਆਂ ਕਾਂਗਰਸ ਦੀ ਵਿਰੋਧਤਾ ਕੀਤੀ ਸੀ ਜਿਸ ਕਾਰਨ ਉਨ੍ਹਾਂ ਨੂੰ ਹੁਣ ਪਾਰਟੀ ’ਚੋਂ ਕੱਢਿਆ ਗਿਆ ਹੈ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੇ ਟਕਸਾਲੀ ਪਰਿਵਾਰ ਨਾਲ ਸਬੰਧਿਤ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਕਾਂਗਰਸ ਦੇ ਜ਼ਿਲਾ ਉਪ ਪ੍ਰਧਾਨ ਕੁਲਵਿੰਦਰ ਸਿੰਘ ਮਾਣੇਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਕਾਂਗਰਸ ਪਾਰਟੀ ’ਚੋਂ ਕੱਢੇ ਗਏ ਤਿੰਨੋਂ ਆਗੂ ਹਲਕਾ ਸਮਰਾਲਾ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਨੂੰ ਪਾਰਟੀ ’ਚੋਂ ਕੱਢਣਾ ਹਲਕੇ ’ਚ ਕਿਸੇ ਵੱਡੇ ਸਿਆਸੀ ਧਮਾਕੇ ਤੋਂ ਘੱਟ ਨਹੀਂ ਦੇਖਿਆ ਜਾ ਸਕਦਾ।