ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਪੰਜਾਬ ਜ਼ੋਨਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ
ਪਟਿਆਲਾ : ਪੁਲਿਸ ਡੀ.ਏ. ਵੀ. ਪਬਲਿਕ ਸਕੂਲ ਪਟਿਆਲਾ ਦੇ ਵਿਦਿਆਰਥੀਆਂ ਨੇ ਪੰਜਾਬ ਜ਼ੋਨਲ ਟੂਰਨਾਮੈਂਟ ਵਿੱਚ ਵੱਖ-ਵੱਖ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਵਾਲੀਬਾਲ, ਫੁੱਟਬਾਲ,ਬੈਡਮਿੰਟਨ, ਹੈਂਡਬਾਲ, ਬਾਸਕਟਬਾਲ ਅਤੇ ਬਾਕਸਿੰਗ ਮੁਕਾਬਲਿਆਂ ਵਿੱਚ ਭਾਗ ਲਿਆ। ਇਹ ਮੁਕਾਬਲੇ ਅੰਡਰ-14, ਅੰਡਰ-17 ਅਤੇ ਅੰਡਰ-19 ਦੇ ਤਹਿਤ ਕਰਵਾਏ ਗਏ। ਇਸ ਵਿੱਚ ਲੜਕਿਆਂ ਦੀ ਟੀਮ ਅੰਡਰ-14 ਨੇ ਵਾਲੀਬਾਲ ਵਿੱਚ ਸੋਨ ਤਗ਼ਮਾ ਅਤੇ ਹੈਂਡਬਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਅੰਡਰ-14 ਬਾਕਸਿੰਗ ਵਿੱਚ ਸੱਤਵੀਂ ਜਮਾਤ ਦੇ ਦਿਵਾਂਸ਼ੂ ਨੇ ਸੋਨ ਤਗਮਾ ਜਿੱਤਿਆ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਚਾਹਤ ਨੇ ਵੀ ਸੋਨ ਤਗਮਾ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। 12ਵੀਂ ਜਮਾਤ ਦੇ ਵਿਦਿਆਰਥੀ ਸੁਖਮਨਦੀਪ ਸਿੰਘ ਨੇ ਅੰਡਰ-19 ਬਾਕਸਿੰਗ ਵਿੱਚ ਸੋਨ ਤਗਮਾ ਜਿੱਤਿਆ। ਵਾਲੀਬਾਲ ਵਿੱਚ ਲੜਕੀਆਂ ਦੀ ਟੀਮ ਨੇ ਚਾਂਦੀ ਦਾ ਤਗ਼ਮਾ, ਫੁਟਬਾਲ ਵਿੱਚ ਲੜਕਿਆਂ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸਵਿਤਾ ਧਨਖੜ ਨੇ ਸਾਰੇ ਪ੍ਰਤੀਯੋਗੀਆਂ ਦੀ ਸ਼ਲਾਘਾ ਕੀਤੀ ਅਤੇ ਜੇਤੂਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।