ਪੈਰਿਸ ਓਲੰਪਿਕ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨਾਲ ਹੋਇਆ ਧੱਕਾ ਖੇਡ ਜਗਤ ਲਈ ਨਮੋਸ਼ੀ ਭਰਿਆ ਫੈਸਲਾ : ਰੰਧਾਵਾ
ਪਟਿਆਲਾ, 9 ਅਗਸਤ ( ) : ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿਚ ਭਾਰਤੀ ਕੁਸ਼ਤੀ ਖਿਡਾਰਨ ਵਿਨੇਸ਼ ਫੋਗਾਟ ਨੂੰ ਜਿਸਨੂੰ ਤੈਅ ਕੀਤੇ ਭਾਰ ਨਾਲੋਂ 100 ਗ੍ਰਾਮ ਵੱਧ ਹੋਣ ਦੇ ਚਲਦਿਆਂ ਮੁਕਾਬਲਾ ਲੜਨ ਦੇ ਖੇਤਰ ਵਿਚੋਂ ਬਾਹਰ ਕਰ ਦਿੱਤਾ ਗਿਆ ਇਕ ਵੱਡਾ ਧੱਕਾ ਹੈ ਤੇ ਇਹ ਧੱਕਾ ਭਾਰਤੀ ਖੇਡ ਜਗਤ ਲਈ ਨਾ ਸਹਿਣਯੋਗ ਵਾਲਾ ਘਾਟਾ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਖਿਡਾਰੀਆਂ ਨਾਲ ਟੀਮ ਵਰਕ ਕਰਨ ਲਈ ਪੂਰਾ ਪੈਨਲ ਹੁੰਦਾ ਹੈ ਜਿਸ ਵਲੋਂ ਖਿਡਾਰੀਆਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਂਦਾ ਹੈ ਪਰ ਫੋਗਾਟ ਨਾਲ ਜੁੜੀ ਟੀਮ ਦਾ ਕੰਮ ਪੂਰੀ ਤਰ੍ਹਾਂ ਫੇਲ੍ਹ ਸਿੱਧ ਹੋਇਆ ਜਿਸਨੂੰ ਫੋਗ਼ਾਟ ਨਾਲ ਹੋਈ ਵਧੀਕੀ ਦਾ ਵੱਡਾ ਕਾਰਨ ਮੰਨਿਆਂ ਜਾ ਸਕਦਾ ਹੈ।
ਪੰਜਾਬ ਕਾਂਗਰਸ ਦੀ ਪੰਜਾਬ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਵਿਨੇਸ਼ ਫੋਗਾਟ ਦੇ ਮਾਮਲੇ ਵਿਚ ਹੋਈ ਡੂੰਘੀ ਸਿਆਸੀ ਸਾਜਿਸ਼ ਦੀ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਕਿਧਰੇ ਇਹ ਵਿਨੇਸ਼ ਫੋਗਾਟ ਵਲੋਂ ਕਿਸੇ ਸਮੇਂ ਦਿੱਲੀ ਵਿਖੇ ਦਿੱਤੇ ਗਏ ਧਰਨੇ ਕਾਰਨ ਪੈਦਾ ਹੋਈ ਰੰਜਸ਼ ਦਾ ਨਤੀਜਾ ਤਾਂ ਨਹੀਂ ਹੈ ਕਿਉਂਕਿ ਭਾਰਤ ਵਿਚ ਸਾਡੀ ਸਰਕਾਰ ਦੀਆਂ ਪਿਛਲੇ ਕਈ ਦਹਾਕਿਆਂ ਤੋਂ ਤਾਨਾਸ਼ਾਹੀ ਤੇ ਰੰਜਸ਼ਨ ਕਾਰਵਾਈਆਂ ਦਾ ਦੌਰ ਜਾਰੀ ਹੈ। ਉਨ੍ਹਾਂ ਵਿਨੇਸ਼ ਫੋਗਾਟ ਨਾਲ ਹਮਦਰਦੀ ਪ੍ਰਗਟ ਕੀਤੀ ਤੇ ਕਿਹਾ ਕਿ ਵਿਨੇਸ਼ ਇਕ ਖਿਡਾਰਨ ਹੈ ਤੇ ਸਮੁੱਚਾ ਦੇਸ਼ ਉਸ ਨਾਲ ਖੜ੍ਹਾ ਹੈ ਅਤੇ ਖਾਸ ਤੌਰ ਤੇ ਇਕ ਮਹਿਲਾ ਹੋਣ ਦੇ ਨਾਤੇ ਸਮੁੱਚੀਆਂ ਮਹਿਲਾਵਾਂ ਤਾਂ ਵਿਨੇਸ਼ ਫੋਗਾਟ ਨਾਲ ਹਰ ਪੱਧਰ ਤੇ ਖੜ੍ਹੀਆਂ ਹਨ। ਓਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਫੋਗਾਟ ਨਾਲ ਹੋਈ ਸਾਜ਼ਿਸ਼ ਦਾ ਪਰਦਾਫਾਸ਼ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਓਨ੍ਹਾਂ ਕਿਹਾ ਕਿ ਅਗਰ ਇਸਦੇ ਪਿੱਛੇ ਕੋਈ ਵੀ ਸਾਜ਼ਿਸ਼ ਹੋਈ ਤਾਂ ਇਸਦਾ ਨਤੀਜਾ ਕੁਸ਼ਤੀ ਸੰਘ ਨੂੰ ਭੁਗਤਨਾ ਪਵੇਗਾ।
ਇਸ ਦੇ ਨਾਲ ਹੀ ਬੀਬੀ ਰੰਧਾਵਾ ਨੇ ਭਾਰਤੀ ਹਾਕੀ ਟੀਮ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਸਾਡੇ ਦੇਸ਼ ਦੀ ਹਾਕੀ ਟੀਮ ਹਮੇਸ਼ਾ ਮੋਹਰੀ ਰਹੀ ਹੈ।