ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਇਨਾਡ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
ਕੰਨੂਰ (ਕੇਰਲ), 10 ਅਗਸਤ : ਕੁਦਰਤੀ ਆਫ਼ਤ ਦੇ ਝੰਬੇ ਵਾਇਨਾਡ ਜ਼ਿਲ੍ਹੇ ਦੇ ਕੁਝ ਇਲਾਕਿਆਂ ਦੀ ਫੇਰੀ ਲਈ ਕੇਰਲ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਭਾਵਿਤ ਪਿੰਡਾਂ ਚੂਰਲਮਾਲਾ, ਮੁੰਡੱਕਈ ਤੇ ਪੁਨਚਿਰੀਮੱਟਮ ਦਾ ਹਵਾਈ ਸਰਵੇਖਣ ਕੀਤਾ। ਪਿਛਲੇ ਹਫ਼ਤੇ ਵਾਇਨਾਡ ਜ਼ਿਲ੍ਹੇ ਵਿਚ ਢਿੱਗਾਂ ਡਿੱਗਣ ਤੇ ਪੂਰੇ ਦਾ ਪੂਰਾ ਪਹਾੜ ਖਿਸਕਣ ਨਾਲ ਸੈਂਕੜੇ ਜਾਨਾਂ ਚਲੀਆਂ ਗਈਆਂ ਸਨ। ਸ੍ਰੀ ਮੋਦੀ ਸਵੇਰੇ 11 ਵਜੇ ਦੇ ਕਰੀਬ ਏਅਰ ਇੰਡੀਆ ਵਨ ਰਾਹੀਂ ਕੰਨੂਰ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਸਨ, ਜਿੱਥੇ ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮਗਰੋਂ ਸ੍ਰੀ ਮੋਦੀ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਉੱਤੇ ਵਾਇਨਾਡ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨਾਲ ਖ਼ਾਨ, ਵਿਜਯਨ ਅਤੇ ਸੈਰ-ਸਪਾਟਾ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਰਾਜ ਮੰਤਰੀ ਸੁਰੇਸ਼ ਗੋਪੀ ਵੀ ਸਵਾਰ ਸਨ। ਭਾਰਤੀ ਹਵਾਈ ਸੈਨਾ ਦਾ ਹੈਲੀਕਾਪਟਰ ਕਾਲਪੇਟਾ ਦੇ ਐੱਸਕੇਐੱਮਜੇ ਹਾਇਰ ਸੈਕੰਡਰੀ ਸਕੂਲ ਵਿਚ ਉਤਰਿਆ, ਜਿੱਥੋਂ ਸ੍ਰੀ ਮੋਦੀ ਸੜਕ ਰਸਤੇ ਪ੍ਰਭਾਵਿਤ ਖੇਤਰਾਂ ਵਿਚ ਪੁੱਜੇ। ਸ੍ਰੀ ਮੋਦੀ ਅਜਿਹੇ ਮੌਕੇ ਕੇਰਲ ਆਏ ਹਨ ਜਦੋਂ ਸੂਬਾ ਸਰਕਾਰ ਨੇ ਆਫ਼ਤ ਦੇ ਝੰਬੇ ਖੇਤਰ ਵਿਚ ਮੁੜ-ਵਸੇਬੇ ਤੇ ਰਾਹਤ ਕਾਰਜਾਂ ਅਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ। ਸ੍ਰੀ ਮੋਦੀ ਮਗਰੋਂ ਰਾਹਤ ਕੈਂਪ ਤੇ ਹਸਪਤਾਲ ਵੀ ਜਾਣਗੇ, ਜਿੱਥੇ ਉਨ੍ਹਾਂ ਵੱਲੋਂ ਪੀੜਤਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਵਾਇਨਾਡ ਜ਼ਿਲ੍ਹੇ ਵਿਚ 30 ਜੁਲਾਈ ਨੂੰ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਨਾਲ ਘੱਟੋ-ਘੱਟ 226 ਵਿਅਕਤੀਆਂ ਦੀ ਮੌਤ ਹੋ ਗਈ ਸੀ।