ਪੰਚਾਇਤੀ ਚੋਣਾਂ ਸਬੰਧੀ ਮੁੱਖ ਮੰਤਰੀ ਮਾਨ ਨਾਲ ਕੀਤਾ ਵਿਧਾਇਕਾਂ ਤੇ ਮੰਤਰੀਆਂ ਨੇ ਵਿਚਾਰ ਵਟਾਂਦਰਾ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ਬਾਰੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ’ਤੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਵਿਸ਼ੇਸ਼ ਬੈਠਕ ਕਰ ਕੇ ਚਰਚਾ ਕੀਤੀ। ਇਸ ਦੌਰਾਨ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਰਹੇ। ਦੱਸਿਆ ਜਾਂਦਾ ਹੈ ਕਿ ਜਿ਼ਆਦਾਤਰ ਵਿਧਾਇਕਾਂ ਨੇ ਪੰਚਾਇਤੀ ਚੋਣਾਂ ਬਿਨਾਂ ਚੋਣ ਨਿਸ਼ਾਨ ਤੇ ਬਿਨਾਂ ਵਾਰਡ ਬੰਦੀ ਦੇ ਓਪਨ ਕਰਵਾਉਣ ਦਾ ਸੁਝਾਅ ਦਿੱਤਾ ਪਰ ਮੁੱਖ ਮੰਤਰੀ ਨੇ ਸੰਵਿਧਾਨ ਦੀ ਧਾਰਾ 243 ਸੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਵਿਧਾਨ ਬਿਨਾਂ ਵਾਰਡਬੰਦੀ ਚੋਣ ਕਰਵਾਉਣ ਦੀ ਆਗਿਆ ਨਹੀਂ ਦਿੰਦਾ। ਇਸ ਤਰ੍ਹਾਂ ਸਪਸ਼ਟ ਹੈ ਕਿ ਪੰਚਾਇਤਾਂ ਦੀ ਵਾਰਡਬੰਦੀ ਕਰਨੀ ਹੀ ਪਵੇਗੀ। ਹਾਲਾਂਕਿ ਬੈਠਕ ਦੌਰਾਨ ਪਾਰਟੀ ਦੇ ਚੋਣ ਨਿਸ਼ਾਨ ਤੋਂ ਬਗ਼ੈਰ ਚੋਣ ਕਰਵਾਉਣ ’ਤੇ ਸਹਿਮਤੀ ਬਣੀ ਦੱਸੀ ਜਾ ਰਹੀ ਹੈ। ਇੱਥੇ ਦੱਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਪੰਜਾਬ ਵਜ਼ਾਰਤ ਦੀ ਮੀਟਿੰਗ ਬੁਲਾਈ ਹੋਈ ਹੈ।