ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਨੇ ਕਰਵਾਇਆ ‘ਇੰਡਕਸ਼ਨ ਪ੍ਰੋਗਰਾਮ’
ਪਟਿਆਲਾ, 8 ਅਗਸਤ : ਪੰਜਾਬੀ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵਿਖੇ ਸਥਿਤ ‘ਵਿਦਿਆਰਥੀ ਕੌਂਸਲਿੰਗ ਕੇਂਦਰ’ ਵੱਲੋਂ ਅੰਡਰ-ਗਰੈਜੂਏਜ ਭਾਗ ਪਹਿਲਾ ਦੇ ਨਵੇਂ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ‘ਸਾਈਕੌਲਜੀ ਇਨ ਐਕਸ਼ਨ: ਇਨਜੀਨੀਅਸ ਅਪਰੋਚ ਟੂ ਇੰਡਕਸ਼ਨ’ ਨਾਮਕ ਇਸ ਪ੍ਰੋਗਰਾਮ ਦੌਰਾਨ ਪ੍ਰੋ. ਨਲਿਨੀ ਮਲਹੋਤਰਾ ਵੱਲੋਂ ਮਨੋਵਿਗਿਆਨ ਦੇ ਹਵਾਲੇ ਨਾਲ਼ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਵਿਚਰਣ ਨਾਲ਼ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ ਗਈ। ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚਲੀਆਂ ਵੱਖ-ਵੱਖ ਸਹੂਲਤਾਂ ਬਾਰੇ ਦੱਸਿਆ ਗਿਆ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਉਮਰ ਵਿੱਚ ਉਨ੍ਹਾਂ ਅੰਦਰ ਬਹੁਤ ਸਾਰੀ ਊਰਜਾ ਅਤੇ ਸੰਭਾਵਨਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਹੀ ਢੰਗ ਨਾਲ਼ ਵਰਤਣਾ ਸਿੱਖ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਆਪਣੀਆਂ ਦਿਲਚਸਪੀਆਂ ਦੇ ਹਿਸਾਬ ਨਾਲ਼ ਭਵਿੱਖ ਸੰਬੰਧੀ ਵੀ ਅਗਾਊਂ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ । ਡੀਨ ਵਿਦਿਆਰਥੀ ਭਲਾਈ ਡਾ. ਮੋਨਿਕਾ ਚਾਵਲਾ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਕਿਹਾ ਕਿ ਵਿਦਿਆਰਥੀਆਂ ਨੂੰ ਚੰਗੀ ਸੰਗਤ ਵਿੱਚ ਵਿਚਰਦਿਆਂ ਆਪਣੇ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ । ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਕੌਂਸਲਰ ਡਾ. ਰੂਬੀ ਗੁਪਤਾ ਨੇ ਯੂਨੀਵਰਸਿਟੀ ਵਿਖੇ ਸਥਾਪਿਤ ਵੱਖ-ਵੱਖ ਕਮੇਟੀਆਂ ਦੇ ਕਾਰਜ ਢੰਗ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਵਿਦਿਆਰਥੀ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੇ ਨਿਵਾਰਣ ਲਈ ਇਨ੍ਹਾਂ ਕਮੇਟੀਆਂ ਕੋਲ਼ ਪਹੁੰਚ ਕਰ ਸਕਦੇ ਹਨ । ਡਾ. ਨੈਨਾ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਦਫ਼ਤਰ ਵਿਚਲਾ ਵਿਦਿਆਰਥੀ ਕੌਂਸਲਿੰਗ ਕੇਂਦਰ ਕਿਸ ਤਰ੍ਹਾਂ ਵਿਦਿਆਰਥੀਆਂ ਦੀਆਂ ਵੱਖ-ਵੱਖ ਮਾਨਸਿਕ ਸਮੱਸਿਆਵਾਂ ਸੰਬੰਧੀ ਅਗਵਾਈ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ । ਪ੍ਰੋਗਰਾਮ ਵਿੱਚ ਵੱਖ-ਵੱਖ ਫ਼ੈਕਲਟੀਆਂ ਦੇ ਤਕਰੀਬਨ 300 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।