ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਦੇ ਹਾਂ: ਆਤਿਸ਼ੀ

ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਦੇ ਹਾਂ: ਆਤਿਸ਼ੀ

ਬਜਟ ਦਾ 25 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਦੇ ਹਾਂ: ਆਤਿਸ਼ੀ
ਨਵੀਂ ਦਿੱਲੀ, 9 ਅਗਸਤ : ਕੇਜਰੀਵਾਲ ਸਰਕਾਰ ਵੱਲੋਂ ਆਪਣੇ ਸਕੂਲਾਂ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਦਾ ਕੰਮ ਚੱਲ ਜਾਰੀ ਹੈ। ਸਰਕਾਰ ਪੂਰੇ ਦਿੱਲੀ ਵਿੱਚ ਵੱਡੇ ਪੱਧਰ ’ਤੇ ਮੌਜੂਦਾ ਸਕੂਲਾਂ ਵਿੱਚ ਨਵੇਂ ਸਕੂਲ ਅਤੇ ਨਵੇਂ ਕਲਾਸ ਰੂਮ ਅਤੇ ਅਕਾਦਮਿਕ ਬਲਾਕਾਂ ਦਾ ਨਿਰਮਾਣ ਕਰ ਰਹੀ ਹੈ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਖਿਆ ਮੰਤਰੀ ਆਤਿਸ਼ੀ ਨੇ ਕਿਹਾ ਅਰਵਿੰਦ ਕੇਜਰੀਵਾਲ ਸਰਕਾਰ ਦੇਸ਼ ਦੀ ਇਕਲੌਤੀ ਸਰਕਾਰ ਹੈ, ਜੋ ਆਪਣੇ ਬਜਟ ਦਾ 25 ਫੀਸਦੀ ਸਿੱਖਿਆ ’ਤੇ ਖਰਚ ਕਰਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦਾ ਅਕਾਦਮਿਕ ਦ੍ਰਿਸ਼ ਬਦਲ ਗਿਆ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਵਿੱਚ ਦੋਸ਼ ਲਾਇਆ ਕਿ ‘ਆਪ’ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਰਕਾਰੀ ਸਕੂਲਾਂ ਵਿੱਚ ਕਲਾਸ ਰੂਮ, ਬੋਰਡ, ਬਿਜਲੀ ਸਪਲਾਈ ਅਤੇ ਪਖਾਨਿਆਂ ਦੀ ਘਾਟ ਸਮੇਤ ਕਈ ਗੰਭੀਰ ਸਮੱਸਿਆਵਾਂ ਸਨ। ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਕੇਜਰੀਵਾਲ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਦਾ ਕੰਮ ਜਾਰੀ ਹੈ। ਇਸ ਦਿਸ਼ਾ ਵਿੱਚ ਮੌਜੂਦਾ ਸਮੇਂ ਵਿੱਚ ਦਿੱਲੀ ਸਰਕਾਰ 14 ਨਵੇਂ ਸਕੂਲ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਲੈ ਕੇ 2014 ਤੱਕ ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ ਪਰ ਦਿੱਲੀ ਦੇ ਸਕੂਲਾਂ ਵਿੱਚ ਸਿਰਫ 24,000 ਕਮਰੇ ਹੀ ਬਣੇ। ਉਨ੍ਹਾਂ ਕਿਹਾ ਕਿ 2015 ਤੋਂ 2024 ਤੱਕ ਸਿਰਫ 10 ਸਾਲਾਂ ਵਿੱਚ ਕੇਜਰੀਵਾਲ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ 22,711 ਕਮਰੇ ਬਣਾਏ ਹਨ। ਉਨ੍ਹਾਂ ਕਿਹਾ, ‘‘ਅਸੀਂ ਆਪਣੇ ਸਕੂਲਾਂ ਨੂੰ ਸਮਾਰਟ ਬੋਰਡ, ਚੰਗੀ ਲੈਬ-ਲਾਇਬ੍ਰੇਰੀ, ਖੇਡ ਸਹੂਲਤਾਂ, ਸ਼ਾਨਦਾਰ ਡੈਸਕ ਸਮੇਤ ਸਾਰੀਆਂ ਸਹੂਲਤਾਂ ਨਾਲ ਲੈਸ ਕੀਤਾ ਹੈ; ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਬੁਨਿਆਦੀ ਢਾਂਚਾ ਮਿਲ ਰਿਹਾ ਹੈ।’’ ਉਨ੍ਹਾਂ ਮੁਤਾਬਕ ਜਿਨ੍ਹਾਂ ਸਕੂਲਾਂ ਵਿੱਚ ਕਲਾਸਰੂਮਾਂ ਦੀ ਘਾਟ ਸੀ, ਉਨ੍ਹਾਂ ਵਿੱਚ ਨਵੇਂ ਕਲਾਸਰੂਮ ਅਤੇ ਅਕਾਦਮਿਕ ਬਲਾਕ ਬਣਾਏ ਜਾ ਰਹੇ ਹਨ, ਇਸ ਵੇਲੇ ਦਿੱਲੀ ਭਰ ਦੇ ਕੇਜਰੀਵਾਲ ਸਰਕਾਰੀ ਸਕੂਲਾਂ ਵਿੱਚ 1541 ਨਵੇਂ ਕਮਰੇ ਬਣਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਰਵਿੰਦ ਕੇਜਰੀਵਾਲ ਵਾਂਗ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਮੁਹੱਈਆ ਨਹੀਂ ਕਰਵਾ ਸਕਦੀ, ਇਸੇ ਲਈ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਡੱਕ ਦਿੱਤਾ।

Leave a Comment

Your email address will not be published. Required fields are marked *

Scroll to Top