ਭਾਰਤੀ ਪ੍ਰਵਾਸੀਆਂ ਨੇ ਕੀਤਾ 2024 ਦੇ ਪਹਿਲੇ ਮਹੀਨਿਆਂ ਵਿੱਚ 1998 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਵਿੱਚ ਸਵੀਡਨ ਤੋਂ ਪਲਾਇਨ
ਸਵੀਡਨ : ਵਿਦੇਸ਼ਾਂ ਵਿੱਚ ਪੜ੍ਹਾਈ ਕਰਨਾ ਅਤੇ ਕੰਮ ਕਰਨ ਲਈ ਜਾਂਦੀ ਭਾਰਤੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਾਪਤ ਇੱਕ ਰਿਪੋਰਟ ਮੁਤਾਬਕ 2024 ਦੇ ਪਹਿਲੇ ਮਹੀਨਿਆਂ ਵਿੱਚ 1998 ਤੋਂ ਬਾਅਦ ਸਭ ਤੋਂ ਵੱਧ ਗਿਣਤੀ ਵਿੱਚ ਭਾਰਤੀ ਪ੍ਰਵਾਸੀਆਂ ਨੇ ਸਵੀਡਨ ਤੋਂ ਪਲਾਇਨ ਕੀਤਾ ਹੈ। ਸਵੀਡਨ ਦੀ ਸਰਕਾਰੀ ਏਜੰਸੀ ਸਟੈਟਿਸਟਿਕਸ ਸਵੀਡਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਵੀਡਨ ਜਾਣ ਨਾਲੋਂ ਜਿ਼ਆਦਾ ਭਾਰਤੀ ਉਥੋਂ ਪਲਾਇਨ ਕਰ ਰਹੇ ਹਨ। ਸਵੀਡਨ ਵਿੱਚ ਭਾਰਤੀ ਡਾਇਸਪੋਰਾ 20ਵੀਂ ਸਦੀ ਵਿੱਚ ਬਣਨਾ ਸ਼ੁਰੂ ਹੋਇਆ, 21ਵੀਂ ਸਦੀ ਵਿੱਚ ਬਦਲਦੇ ਇਮੀਗ੍ਰੇਸ਼ਨ ਕਾਨੂੰਨਾਂ ਅਤੇ ਹੁਨਰਮੰਦ ਕਾਮਿਆਂ ਅਤੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ `ਤੇ ਧਿਆਨ ਦੇਣ ਕਾਰਨ ਭਾਰਤੀ ਪ੍ਰਵਾਸ ਵਿੱਚ ਮਹੱਤਵਪੂਰਨ ਵਾਧਾ ਹੋਇਆ। 2022 ਦੇ ਅੰਤ ਤੱਕ, ਸਵੀਡਨ ਵਿੱਚ 50,000 ਭਾਰਤੀ ਰਹਿ ਰਹੇ ਸਨ। ਹਾਲਾਂਕਿ, ਸਟੈਟਿਸਟਿਕਸ ਸਵੀਡਨ ਰਿਪੋਰਟ ਮੁਤਾਬਕ 2024 ਦੇ ਪਹਿਲੇ ਅੱਧ ਵਿੱਚ – ਜਨਵਰੀ ਅਤੇ ਜੂਨ ਦੇ ਵਿਚਕਾਰ – 2,837 ਭਾਰਤੀ ਮੂਲ ਦੇ ਵਿਅਕਤੀਆਂ ਨੇ ਸਵੀਡਨ ਛੱਡਿਆ, ਜੋ ਪਿਛਲੇ ਸਾਲ ਨਾਲੋਂ 171% ਵੱਧ ਹੈ। ਇਸ ਦਾ ਮਤਲਬ ਹੈ ਕਿ ਚੀਨ, ਸੀਰੀਆ, ਇਰਾਕ ਅਤੇ ਹੋਰ ਦੇਸ਼ਾਂ ਵਿੱਚ ਪੈਦਾ ਹੋਏ ਲੋਕਾਂ ਨੂੰ ਪਛਾੜ ਕੇ ਵਿਦੇਸ਼ੀ ਪ੍ਰਵਾਸੀਆਂ ਦਾ ਸਭ ਤੋਂ ਵੱਡਾ ਸਮੂਹ ਭਾਰਤੀ ਹਨ। 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਵੀਡਨ ਵਿੱਚ ਸਾਲ ਦੀ ਪਹਿਲੀ ਛਿਮਾਹੀ ਵਿੱਚ ਭਾਰਤੀਆਂ ਦਾ ਨਕਾਰਾਤਮਕ ਸ਼ੁੱਧ ਪ੍ਰਵਾਸ ਹੋਇਆ ਹੈ।