ਭਾਰਤ ਸ਼ਾਂਤੀ ਯਤਨਾਂ ’ਚ ਸਰਗਰਮ ਭੂਮਿਕਾ ਲਈ ਹਮੇਸ਼ਾ ਤਿਆਰ : ਮੋਦੀ
ਕੀਵ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੂੰ ਕਿਹਾ ਕਿ ਯੂਕਰੇਨ ਤੇ ਰੂਸ ਨੂੰ ਬਿਨਾਂ ਕਿਸੇ ਦੇਰੀ ਮਿਲ ਬੈਠ ਕੇ ਮੌਜੂਦਾ ਜੰਗ ਨੂੰ ਖ਼ਤਮ ਕਰਨ ਲਈ ਰਾਹ ਤਲਾਸ਼ਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰੂਸ-ਯੁੂਕਰੇਨ ਟਕਰਾਅ ਦੀ ਸ਼ੁਰੂਆਤ ਤੋਂ ਹੀ ਭਾਰਤ ਅਮਨ ਤੇ ਸ਼ਾਂਤੀ ਦਾ ਹਾਮੀ ਰਿਹਾ ਹੈ। ਜੰਗ ਦੇ ਪਰਛਾਵੇਂ ਹੇਠ ਕੀਵ ਵਿਚ ਯੂਕਰੇਨੀ ਸਦਰ ਨਾਲ ਹੋਈ ਆਪਣੀ ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਕਿਹਾ ਕਿ ਯੂਕਰੇਨ ਵਿਚ ਅਮਨ ਦੀ ਬਹਾਲੀ ਲਈ ਕੀਤੀ ਜਾਣ ਵਾਲੀ ਹਰ ਕੋਸ਼ਿਸ਼ ’ਚ ਭਾਰਤ ‘ਸਰਗਰਮ ਭੂਮਿਕਾ’ ਨਿਭਾਉਣ ਲਈ ਹਮੇਸ਼ਾ ਤਿਆਰ ਹੈ। ਦੋਵਾਂ ਆਗੂਆਂ ਦਰਮਿਆਨ ਹੋਈ ਬੈਠਕ ਭਾਵੇਂ ਮੁੱਖ ਤੌਰ ’ਤੇ ਜੰਗ ਖ਼ਤਮ ਕਰਨ ਦੇ ਢੰਗ-ਤਰੀਕਿਆਂ ’ਤੇ ਕੇਂਦਰਤ ਸੀ, ਪਰ ਇਸ ਦੌਰਾਨ ਵਣਜ, ਰੱਖਿਆ, ਸਿਹਤ ਸੰਭਾਲ, ਫਾਰਮਾਸਿਊਟੀਕਲਜ਼, ਖੇਤੀ ਤੇ ਸਿੱਖਿਆ ਜਿਹੇ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਬਾਰੇ ਵੀ ਚਰਚਾ ਹੋਈ। ਸ੍ਰੀ ਮੋਦੀ ਨੇ ਗੱਲਬਾਤ ਤੋਂ ਪਹਿਲਾਂ ਆਪਣੀ ਸ਼ੁਰੂਆਤੀ ਤਕਰੀਰ ਵਿਚ ਕਿਹਾ, ‘‘ਅਸੀਂ (ਭਾਰਤ) ਨਿਰਪੱਖ ਨਹੀਂ ਹਾਂ। ਸ਼ੁਰੂਆਤ ਤੋਂ ਹੀ ਅਸੀਂ ਪਾਸਾ ਚੁਣ ਲਿਆ ਸੀ। ਅਸੀਂ ਅਮਨ ਤੇ ਸ਼ਾਂਤੀ ਦਾ ਪਾਸਾ ਚੁਣਿਆ ਸੀ। ਅਸੀਂ ਭਗਵਾਨ ਬੁੱਧ ਦੀ ਧਰਤੀ ਤੋਂ ਆਉਂਦੇ ਹਾਂ, ਜਿੱਥੇ ਜੰਗ ਲਈ ਕੋਈ ਥਾਂ ਨਹੀਂ ਹੈ। ਅਸੀਂ ਮਹਾਤਮਾ ਗਾਂਧੀ ਦੀ ਧਰਤੀ ਤੋਂ ਆਉਂਦੇ ਹਾਂ, ਜਿਨ੍ਹਾਂ ਕੁੱਲ ਆਲਮ ਨੂੰ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਦੇਸ਼ਾਂ ਦੀ ਪ੍ਰਭੂਸੱਤਾ ਤੇ ਪ੍ਰਦੇਸ਼ਕ ਅਖੰਡਤਾ ਦੇ ਸਤਿਕਾਰ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਤੁਹਾਨੂੰ ਤੇ ਪੂਰੇ ਆਲਮੀ ਭਾਈਚਾਰੇ ਨੂੰ ਯਕੀਨ ਦਿਵਾਉਂਦਾ ਹਾਂ ਕਿ ਭਾਰਤ ਦੇਸ਼ਾਂ ਦੀ ਪ੍ਰਭੂਸੱਤਾ ਤੇ ਇਲਾਕਾਈ ਅਖੰਡਤਾ ਲਈ ਵਚਨਬੱਧ ਹੈ ਤੇ ਇਹ ਸਾਡੇ ਲਈ ਸਭ ਤੋਂ ਅਹਿਮ ਹੈ।’’