ਮਰੀਜ਼ ਦੀ ਤਬੀਅਦ ਵਿਗੜਦੀ ਰਹੀ ਪਰ ਨਰਸ ਫੋਨ ਤੇ ਰਹੀ ਰੁੱਝੀ ; ਪਰਿਵਾਰਕ ਮੈਂਬਰਾਂ ਲਗਾਇਆ ਮਰੀਜ਼ ਦੀ ਮੌਤ ਦਾ ਦੋਸ਼
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਵਿਖੇ ਇਕ ਮਹਿਲਾ ਮਰੀਜ਼ ਜੋ ਸਿਵਲ ਹਸਪਤਾਲ ਵਿਖੇ ਭਰਤੀ ਸੀ ਦੀ ਤਬੀਅਤ ਵਿਗੜਨ ਤੇ ਨਰਸ ਨੂੰ ਵਾਰ ਵਾਰ ਫੋਨ ਕੀਤਾ ਗਿਆ ਪਰ ਉਹ ਮਰੀਜ਼ ਨੂੰ ਦੇਖਣ ਲਈ ਨਾ ਆ ਕੇ ਫੋਨ ਤੇ ਰੁੱਝੀ ਰਹੀ ਤੇ ਇਹੋ ਕਹਿੰਦੀ ਰਹੀ ਕਿ ਤੁਸੀਂ ਉਡੀਕ ਕਰੋ। ਜਿਸਦੇ ਚਲਦਿਆਂ ਮਰੀਜ ਦੀ ਹਾਲਤ ਵਿਗੜ ਗਈ ਤੇ ਉਸਦੀ ਮੌਤ ਹੋ ਗਈ। ਮਰੀਜ਼ ਦੀ ਨਰਸ ਵਲੋਂ ਤਬੀਅਤ ਵਿਗੜਨ ਤੇ ਵੀ ਕੋਈ ਸਾਰ ਨਾ ਲੈਣ ਕਾਰਨ ਹੋਈ ਮੌਤ ਨਰਸ ਤੇ ਲਗਾਉਂਦਿਆਂ ਮਰੀਜ਼ ਦੀ ਰਿਸ਼ਤੇਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਸੁਰਿੰਦਰ ਕੌਰ ਨੂੰ 20 ਅਗਸਤ ਨੂੰ ਕਿਡਨੀ ਤੇ ਲੀਵਰ `ਚ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਰਾਤ ਨੂੰ ਹਸਪਤਾਲ `ਚ ਮਰੀਜ਼ ਦੀ ਹਾਲਤ ਵਿਗੜਨ ਲੱਗੀ ਪਰ ਡਿਊਟੀ `ਤੇ ਮੌਜੂਦ ਕਿਸੇ ਵੀ ਨਰਸ ਨੇ ਉਸ ਵੱਲ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਰਸ ਨੂੰ ਵਾਰ-ਵਾਰ ਮਰੀਜ਼ ਦੀ ਹਾਲਤ ਖ਼ਰਾਬ ਹੋਣ ਬਾਰੇ ਦੱਸਿਆ। ਉਹ ਨਰਸ ਆਪਣੇ ਫ਼ੋਨ `ਤੇ ਹੀ ਰੁੱਝੀ ਰਹੀ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।