ਮਾਂ ਦਾ ਦੁੱਧ ਬੱਚਿਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਭ ਤੋਂ ਉਤਮ : ਡਾ. ਗੁਰਉਪਦੇਸ਼ ਕੌਰ
-ਕ੍ਰਿਸ਼ੀ ਵਿਗਿਆਨ ਕੇਂਦਰ ਨੇ ’ਮਾਂ ਦਾ ਦੁੱਧ – ਨਿਰੰਤਰ ਵਿਕਾਸ ਦੀ ਕੁੰਜੀ’ ਵਿਸ਼ੇ ਤਹਿਤ ਮਨਾਇਆ ਸਪਤਾਹ
ਪਟਿਆਲਾ, 7 ਅਗਸਤ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਾਂ ਦਾ ਦੁੱਧ – ਨਿਰੰਤਰ ਵਿਕਾਸ ਦੀ ਕੁੰਜੀ ਵਿਸ਼ੇ ਤੇ ਇਕ ਸਪਤਾਹ ਦੌਰਾਨ ਵੱਖ ਵੱਖ ਪ੍ਰੋਗਰਾਮ ਕਰਵਾਏ ਗਏ। 1 ਅਗਸਤ ਤੋਂ ਸ਼ੁਰੂ ਕੀਤੇ 6 ਪ੍ਰੋਗਰਾਮਾਂ ’ਚ ਦਾ ਉਦੇਸ਼ ਨਵਜੰਮੇ ਬਾਲ ਦੀ ਸਿਹਤ ਸੰਭਾਲ ਕਰਨਾ ਰਿਹਾ। ਇਸ ਹਫ਼ਤੇ ਵਿੱਚ ਪਟਿਆਲੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਖੇੜੀ ਮਾਨੀਆ, ਆਲੋਵਾਲ, ਕਲਿਆਣ, ਸਕੋਹਾਂ, ਚੱਠੇ ਅਤੇ ਝੱਭੋ ਦੀਆਂ 125 ਪੇਂਡੂ ਔਰਤਾਂ, ਆਂਗਣਵਾੜੀ ਵਰਕਰਾਂ, ਕ੍ਰਿਸ਼ੀ ਸਖੀਆਂ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
ਇਸ ਦੌਰਾਨ ਡਾ. ਗੁਰਉਪਦੇਸ਼ ਕੌਰ, ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਔਰਤਾਂ ਨੂੰ ਦੱਸਿਆ ਕਿ ਮਾਂ ਦਾ ਪਹਿਲਾ ਦੁੱਧ ਕੋਲੈਸਟਰਮ ਭਰਪੂਰ ਹੁੰਦਾ ਹੈ ਅਤੇ ਇਹ ਬੱਚਿਆਂ ਨੂੰ ਕਈ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਮਾਵਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਂਦੀਆਂ ਹਨ, ਉਨ੍ਹਾਂ ਨੂੰ ਬੱਚੇਦਾਨੀ ਅਤੇ ਅੰਡਕੋਸ਼ ਦਾ ਕੈਂਸਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ । ਆਪਣੇ ਸੰਬੋਧਨ ਦੇ ਵਿੱਚ ਸ੍ਰੀਮਤੀ ਕਿਰਨ ਪ੍ਰਕਾਸ਼ ਕੌਰ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਪਟਿਆਲਾ ਨੇ ਆਖਿਆ ਕਿ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ਼ ਅਤੇ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਉਸ ਨੂੰ ਕਿਸੇ ਓਪਰੀ ਖੁਰਾਕ ਦੀ ਲੋੜ ਨਹੀਂ ਹੁੰਦੀ। ਇੱਥੋਂ ਤੱਕ ਕਿ ਪਹਿਲੇ 6 ਮਹੀਨੇ ਬੱਚੇ ਨੂੰ ਪਾਣੀ ਵੀ ਨਾ ਪਿਲਾਓ। 6 ਮਹੀਨੇ ਤੋਂ ਬਾਅਦ ਹੀ ਬੱਚੇ ਨੂੰ ਦਾਲ ਦਾ ਪਾਣੀ, ਕੇਲਾ, ਆਲੂ ਆਦਿ ਦੇ ਸਕਦੇ ਹੋ । ਇਸ ਮੌਕੇ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ) ਨੇ ਔਰਤਾਂ ਨੂੰ ਸੰਤੁਲਿਤ ਖੁਰਾਕ ਲਈ ਪ੍ਰੇਰਿਤ ਕੀਤਾ ਅਤੇ ਡਾ. ਰਚਨਾ ਸਿੰਗਲਾ ਨੇ ਰੁੱਖ ਲਗਾਉਣ ਦੀ ਮਹੱਤਤਾ ਅਤੇ ‘ਇੱਕ ਰੁੱਖ ਮਾਂ ਦੇ ਨਾਮ’ ਸਬੰਧੀ ਮੁਹਿੰਮ ਬਾਰੇ ਪ੍ਰੇਰਿਆ। ਇਸ ਮੌਕੇ ਸਿਖਿਆਰਥਣਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧਿਤ ਸਾਹਿਤ ਵੀ ਵੱਡਿਆਂ ਗਿਆ।