ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ
ਢਾਕਾ : ਨੋਬੇਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਕਮਾਨ ਸੰਭਾਲ ਲਈ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਰਾਸ਼ਟਰਪਤੀ ਪੈਲੇਸ ‘ਬੰਗਭਵਨ’ ਵਿਚ ਰੱਖੇ ਸਮਾਗਮ ਦੌਰਾਨ ਯੂਨਸ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਇਸ ਤੋਂ ਪਹਿਲਾਂ ਅੱਜ ਦਿਨੇਂ ਪੈਰਿਸ ਤੋਂ ਦੁਬਈ ਰਸਤੇ ਢਾਕਾ ਪੁੱਜੇ ਯੂਨਸ ਨੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵਾਮ ਨਾਲ ਵਾਅਦਾ ਕੀਤਾ ਕਿ ਉਹ ਅਜਿਹੀ ਸਰਕਾਰ ਦੇਣਗੇ, ਜੋ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਏਗੀ। ਉਨ੍ਹਾਂ ਬੰਗਲਾਦੇਸ਼ੀ ਅਵਾਮ ਨੂੰ ਅਪੀਲ ਕੀਤੀ ਕਿ ਉਹ ਮੁਲਕ ਦੇ ਮੁੜ ਨਿਰਮਾਣ ਵਿਚ ਉਨ੍ਹਾਂ ਦੀ ਮਦਦ ਕਰਨ। ਅਰਥਸ਼ਾਸਤਰੀ ਤੋਂ ਸਿਆਸਤਦਾਨ ਬਣੇ ਯੂਨਸ ਨੂੰ ਮਾਈਕਰੋਲੈਂਡਿੰਗ ਲਈ ਕੀਤੇ ਕੰਮ ਵਾਸਤੇ 2006 ਵਿਚ ਨੋਬੇਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਮੰਗਲਵਾਰ ਨੂੰ ਸੰਸਦ ਭੰਗ ਕੀਤੇ ਜਾਣ ਮਗਰੋਂ ਯੂਨਸ ਨੂੰ ਅੰਤਰਿਮ ਸਰਕਾਰ ਦਾ ਮੁਖੀ ਥਾਪਿਆ ਸੀ। ਹਸੀਨਾ ਦੇ ਅਸਤੀਫ਼ਾ ਦੇਣ ਤੇ ਦੇਸ਼ ਛੱਡ ਕੇ ਭੱਜਣ ਮੌਕੇ ਯੂਨਸ ਓਲੰਪਿਕ ਖੇਡਾਂ ਲਈ ਪੈਰਿਸ ਵਿਚ ਸਨ। ਇਸ ਦੌਰਾਨ ਸ਼ੇਖ਼ ਹਸੀਨਾ ਸਰਕਾਰ ਦੇ ਰਾਜ ਪਲਟੇ ਮਗਰੋਂ ਪੂਰੇ ਦੇਸ਼ ਵਿਚ ਭੜਕੀ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 232 ਹੋ ਗਈ ਹੈ। ਮੱਧ ਜੁਲਾਈ ਤੋਂ ਸ਼ੁਰੂ ਹੋਏ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨਾਂ ਵਿਚ ਹੁਣ ਤੱਕ 560 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ। ਯੂਨਸ ਮੁਕਾਮੀ ਸਮੇਂ ਮੁਤਾਬਕ ਅੱਜ ਬਾਅਦ ਦੁਪਹਿਰ 2:10 ਵਜੇ ਅਮੀਰਾਤ ਦੀ ਉਡਾਣ (ਈਕੇ-582) ਰਾਹੀਂ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ। ਥਲ ਸੈਨਾ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ, ਸੀਨੀਅਰ ਅਧਿਕਾਰੀਆਂ ਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਹਵਾਈ ਅੱਡੇ ’ਤੇ ਯੂਨਸ ਦਾ ਸਵਾਗਤ ਕੀਤਾ।