ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਰਵਾਈ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੇ ਟ੍ਰੈਫਿਕ ਅਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐਸ.ਐਚ.ਏ.) ਅਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਈਲ ਐਪ ਜ਼ਰੀਏ ਫਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਹੈ, ਤਾਂ ਜੋ ਸੁਖਾਲੇ ਢੰਗ ਨਾਲ ਇਹਨਾਂ ਹਸਪਤਾਲਾਂ ਤੱਕ ਪਹੁੰਚ ਕੀਤੀ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਉਪਭੋਗਤਾ, ਖਾਸ ਕਰਕੇ ਸੜਕ ਦੁਰਘਟਨਾਵਾਂ ਦੀ ਸਥਿਤੀ ਵਿੱਚ, ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ।ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੜਕ ਹਾਦਸਿਆਂ ਵਿੱਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਅਤੇ ਉਪਲਬਧ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ, ਮੁਸ਼ਕਲ ਰਹਿਤ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ।