ਮੋਟਰਸਾਈਕਲ ਤੇ ਸਵਿਫਟ ਕਾਰ ਦੀ ਹੋਈ ਜ਼ਬਰਦਸਤ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਤਾ ਪੁੱਤਰ ਦੀ ਹੋਈ ਮੌਤ
ਮੋਗਾ : ਪੰਜਾਬ ਦੇ ਸ਼ਹਿਰ ਮੋਗਾ ਦੇ ਪਿੰਡ ਬੁੱਘੀਪੁਰਾ ਨੇੜੇ ਬਰਨਾਲਾ ਬਾਈਪਾਸ ਰੋਡ `ਤੇ ਇਕ ਭਿਆਨਕ ਹਾਦਸੇ ਵਿੱਚ ਇੱਕ ਸਵਿਫ਼ਟ ਕਾਰ ਅਤੇ ਮੋਟਰਸਾਈਕਲ ਦੀ ਆਪਸ `ਚ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਮੋਟਰਸਾਈਕਲ `ਤੇ ਜਾ ਰਹੇ ਪਿਓ-ਪੁੱਤ ਦੋਵਾਂ ਦੀ ਮੌਕੇ `ਤੇ ਹੀ ਮੌਤ ਹੋ ਗਈ। ਸਮਾਜ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਸੋਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਦੋਵਾਂ ਦੀਆਂ ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮੌਕੇ `ਤੇ ਪਹੁੰਚੀ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਸੰਬੰਧੀ ਜਾਣਕਾਰੀ ਦਿੰਦਿਆਂ ਕਮਲਪ੍ਰੀਤ ਮਹਿਰੋਂ ਨੇ ਦੱਸਿਆ ਕਿ ਬੂਟਾ ਸਿੰਘ ਤੇ ਉਸ ਦਾ ਪੁੱਤਰ ਗੋਰਾ ਸਿੰਘ ਆਪਣੇ ਮੋਟਰਸਾਈਕਲ `ਤੇ ਸਵਾਰ ਹੋ ਕੇ ਪਸ਼ੂ ਖਰੀਦਣ ਲਈ ਪਿੰਡ ਬੁੱਗੀਪੁਰਾ ਵਿਖੇ ਜਾ ਰਹੇ ਸਨ। ਜਦੋਂ ਉਹ ਪਿੰਡ ਬੁੱਗੀਪੁਰਾ ਦੇ ਹਾਈਵੇ ਰੋਡ ਉੱਪਰ ਪਹੁੰਚੇ ਤਾਂ ਉਹਨਾਂ ਨੂੰ ਇੱਕ ਸਵਿਫਟ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇ ਪਿਓ-ਪੁੱਤ ਦੀ ਮੌਕੇ `ਤੇ ਮੌਤ ਹੋ ਗਈ । ਇਸ ਸੰਬੰਧੀ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ। ਜਿਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਾਲੇ ਬੂਟਾ ਸਿੰਘ ਅਤੇ ਉਹਨਾਂ ਦੇ ਪੁੱਤਰ ਗੋਰਾ ਸਿੰਘ ਦਾ ਬੁੱਘੀਪੁਰਾ ਦੇ ਕੋਲ ਐਕਸੀਡੈਂਟ ਹੋ ਗਿਆ ਹੈ ਤੇ ਉਹ ਤੁਰੰਤ ਦੁਰਘਟਨਾ ਵਾਲੇ ਸਥਾਨ `ਤੇ ਪਹੁੰਚ ਜਾਣ। ਸੂਚਨਾ ਮਿਲਣ ਤੋਂ ਬਾਅਦ ਪਿੰਡ ਵਾਸੀ ਘਟਨਾ ਸਥਾਨ `ਤੇ ਪਹੁੰਚੇ ਜਿਥੇ ਡਾਕਟਰਾਂ ਨੇ ਦੋਵੇਂ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਇਹ ਖਬਰ ਸੁਣਦੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੱਡਾ ਧੱਕਾ ਲੱਗਾ।