ਮੋਦੀ ਸਰਕਾਰ ਦੇਸ਼ ਦੇ ਲੋਕਾਂ ਤੋਂ ਭਾਜਪਾ ਨਾਲ ਦਿਲ ਲਗਾਉਣ ‘ਤੇ ਟੈਕਸ ਵਸੂਲ ਰਹੀ ਹੈ : ਰਾਘਵ ਚੱਢਾ
ਨਵੀਂ ਦਿੱਲੀ : ਮੋਦੀ ਸਰਕਾਰ ਦੇਸ਼ ਦੇ ਲੋਕਾਂ ਤੋਂ ਭਾਜਪਾ ਨਾਲ ਦਿਲ ਲਗਾਉਣ ‘ਤੇ ਟੈਕਸ ਵਸੂਲ ਰਹੀ ਹੈ, ਇਹ ਗੱਲ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਰਾਜ ਸਭਾ ‘ਚ ਇੰਡੈਕਸੇਸ਼ਨ ‘ਚ ਅੰਸ਼ਕ ਰੂਪ ਨਾਲ ਸੋਧ ‘ਤੇ ਸਵਾਲ ਉਠਾਉਣ ਮੌਕੇ ਆਖੀ।ਸਰਕਾਰ ਦਾ ਇੱਕੋ-ਇੱਕ ਨੁਕਾਤੀ ਮਿਸ਼ਨ ਟੈਕਸ ਇਕੱਠਾ ਕਰਨਾ ਰਹਿ ਗਿਆ ਹੈ। ਦੇਸ਼ ਦੇ ਲੋਕਾਂ ਦਾ ਜਾਗਣਾ-ਸੋਣਾ, ਹੱਸਣਾ-ਰੋਣਾ, ਖਾਣਾ-ਪੀਣਾ, ਸਿੱਖਿਆ-ਦਵਾਈ, ਖ਼ਰੀਦ-ਵੇਚ, ਸੜਕੀ-ਹਵਾਈ ਯਾਤਰਾ, ਕਮਾਈ ਅਤੇ ਮਠਿਆਈਆਂ ਸਮੇਤ ਹਰ ਚੀਜ਼ ‘ਤੇ ਟੈਕਸ ਲਗਾਇਆ ਜਾ ਰਿਹਾ ਹੈ। ਵਿੱਤ ਮੰਤਰਾਲੇ ਵੱਲੋਂ ਵਿੱਤ ਬਿੱਲ ਵਿੱਚ ਲਿਆਂਦੀ ਗਈ ਸੋਧ ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮੂਲੀ ਸੋਧ ਹੈ। ਇਸ ਸੋਧ ਨਾਲ ਸਿਰਫ਼ 23 ਜੁਲਾਈ, 2024 ਤੋਂ ਪਹਿਲਾਂ ਜ਼ਮੀਨ ਅਤੇ ਇਮਾਰਤਾਂ ਖ਼ਰੀਦਣ ਵਾਲੇ ਨਿਵੇਸ਼ਕਾਂ ਨੂੰ ਇੰਡੈਕਸੇਸ਼ਨ ਦਾ ਲਾਭ ਮਿਲੇਗਾ। 23 ਜੁਲਾਈ, 2024 ਤੋਂ ਬਾਅਦ ਖ਼ਰੀਦੀ ਗਈ ਕਿਸੇ ਵੀ ਜਾਇਦਾਦ ‘ਤੇ ਇੰਡੈਕਸੇਸ਼ਨ ਦਾ ਲਾਭ ਉਪਲਬਧ ਨਹੀਂ ਹੋਵੇਗਾ। ਜਦਕਿ ਕੇਂਦਰੀ ਵਿੱਤ ਮੰਤਰੀ ਤੋਂ ਸਾਡੀ ਮੰਗ ਸੀ ਕਿ 100 ਫ਼ੀਸਦੀ ਇੰਡੈਕਸੇਸ਼ਨ ਪਹਿਲਾਂ ਵਾਂਗ ਲਾਗੂ ਕੀਤਾ ਜਾਵੇ। ਉਨ੍ਹਾਂ ਕੇਂਦਰੀ ਵਿੱਤ ਮੰਤਰੀ ਤੋਂ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਨਿਵੇਸ਼ਾਂ ‘ਤੇ ਪਹਿਲਾਂ ਵਾਂਗ 100 ਫ਼ੀਸਦੀ ਇੰਡੈਕਸੇਸ਼ਨ ਮੁੜ ਲਾਗੂ ਕੀਤਾ ਜਾਵੇ।