ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੀਰਵਾਰ ਨੂੰ ਸਵੇਰ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਅਤੇ ਵਾਕਆਊਟ ਤੋਂ ਬਾਅਦ ਸਦਨ ਤੋਂ ਕੁਝ ਸਮੇਂ ਲਈ ਬਾਹਰ ਚਲੇ ਗਏ
ਨਵੀਂ ਦਿੱਲੀ, 8 ਅਗਸਤ : ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੀਰਵਾਰ ਨੂੰ ਸਵੇਰ ਦੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਅਤੇ ਵਾਕਆਊਟ ਤੋਂ ਬਾਅਦ ਸਦਨ ਤੋਂ ਕੁਝ ਸਮੇਂ ਲਈ ਬਾਹਰ ਚਲੇ ਗਏ। ਜਾਣਕਾਰੀ ਅਨੁਸਾਰ ਅੱਜ ਸਵੇਰੇ ਰਾਜ ਸਭਾ ਦੇ ਮੈਂਬਰਾਂ ਨੂੰ ਵਿਨੇਸ਼ ਫੋਗਾਟ ਨੂੰ ਓਲੰਪਿਕ ਤੋਂ ਅਯੋਗ ਠਹਿਰਾਉਣ ਨਾਲ ਸਬੰਧਤ ਮੁੱਦਾ ਉਠਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਤੋਂ ਬਾਅਦ ਰਾਜ ਸਭਾ ਵਿੱਚ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਸੂਚੀਬੱਧ ਕਾਗਜ਼ਾਂ ਨੂੰ ਸਦਨ ਵਿੱਚ ਪੇਸ਼ ਕੀਤੇ ਜਾਣ ਤੋਂ ਤੁਰੰਤ ਬਾਅਦ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਫੋਗਾਟ ਦੀ ਅਯੋਗਤਾ ਦੇ ਮੁੱਦੇ ਨੂੰ ਉਠਾਉਣ ਲਈ ਖੜ੍ਹੇ ਹੋਏ। ਉਹ ਜਾਣਨਾ ਚਾਹੁੰਦੇ ਸਨ ਕਿ ਇਸ ਦੇ ਪਿੱਛੇ ਕੌਣ ਹੈ। ਪਰ ਧਨਖੜ ਨੇ ਖੜਗੇ ਨੂੰ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ। ਸਦਨ ’ਚ ਹੰਗਾਮਾ ਵਧਣ ’ਤੇ ਵਿਰੋਧੀ ਪਾਰਟੀਆਂ ਨੇ ਵਾਕਆਊਟ ਕਰ ਦਿੱਤਾ। ਧਨਖੜ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਵਿਵਹਾਰ ’ਤੇ ਨਰਾਜ਼ਗੀ ਜ਼ਾਹਰ ਕੀਤੀ ਅਤੇ ਕੁਝ ਦੇਰ ਲਈ ਸਦਨ ਤੋਂ ਚਲੇ ਗਏ।