ਰੂਸ ਵੱਲੋਂ ਕੀਵ ’ਤੇ ਕੀਤੇ ਹਮਲਿਆਂ ’ਚ ਦੋ ਹਲਾਕ
ਕੀਵ : ਯੂਕਰੇਨ ਵੱਲੋਂ ਰੂਸ ਦੇ ਕੁਰਸਕ ਸਰਹੱਦੀ ਖੇਤਰ ’ਚ ਫੌਜੀ ਘੁਸਪੈਠ ਸ਼ੁਰੂ ਕਰਨ ਤੋਂ ਕੁਝ ਦਿਨ ਬਾਅਦ ਜ਼ੇਲੈਂਸਕੀ ਨੇ ਲੰਘੀ ਦੇਰ ਰਾਤ ਆਪਣੇ ਸੰਬੋਧਨ ਦੌਰਾਨ ਅਸਿੱਧੇ ਢੰਗ ਨਾਲ ਇਸ ਫੌਜੀ ਕਾਰਵਾਈ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਪਹਿਲਾਂ ਰੂਸ ਵੱਲੋਂ ਯੂਕਰੇਨ ਦੇ ਕੀਵ ’ਚ ਕੀਤੇ ਗਏ ਡਰੋਨ ਤੇ ਮਿਜ਼ਾਈਲ ਹਮਲਿਆਂ ’ਚ ਚਾਰ ਸਾਲਾ ਲੜਕੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ। ਕੁਰਸਕ ਦੇ ਖੇਤਰੀ ਗਵਰਨਰ ਨੇ ਕਿਹਾ ਕਿ ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਯੂਕਰੇਨ ਦੀ ਮਿਜ਼ਾਈਲ ਹੇਠਾਂ ਸੁੱਟ ਲਈ ਹੈ। ਇਹ ਮਿਜ਼ਾਈਲ ਇੱਕ ਰਿਹਾਇਸ਼ੀ ਇਮਾਰਤ ’ਤੇ ਡਿੱਗੀ ਜਿਸ ਵਿੱਚ 13 ਵਿਅਕਤੀ ਜ਼ਖ਼ਮੀ ਹੋ ਗਏ। ਉੱਧਰ ਯੂਕਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਯੂਕਰੇਨ ’ਤੇ ਚਾਰ ਬੈਲਿਸਟਿਕ ਮਿਜ਼ਾਈਲਾਂ ਤੇ 57 ਡਰੋਨਾਂ ਨਾਲ ਹਮਲਾ ਕੀਤਾ। ਉਨ੍ਹਾਂ ਦੀ ਹਵਾਈ ਰੱਖਿਆ ਪ੍ਰਣਾਲੀ ਨੇ 53 ਡਰੋਨ ਹੇਠਾਂ ਸੁੱਟ ਲਏ ਹਨ। ਯੂਕਰੇਨ ਦੀ ਸਰਕਾਰੀ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀ ਨੇ ਦੱਸਿਆ ਕਿ ਕੀਵ ਦੇ ਨੀਮ ਸ਼ਹਿਰੀ ਇਲਾਕੇ ਬਰੋਵਰੀ ਜ਼ਿਲ੍ਹੇ ਦੇ ਰਿਹਾਇਸ਼ੀ ਇਲਾਕੇ ’ਚ ਮਿਜ਼ਾਈਲ ਦੇ ਕੁਝ ਹਿੱਸੇ ਡਿੱਗਣ ਕਾਰਨ ਇੱਕ ਇਮਾਰਤ ਤਬਾਹ ਹੋ ਗਈ ਤੇ ਇਸ ਦੇ ਮਲਬੇ ਹੇਠੋਂ 35 ਸਾਲਾ ਵਿਅਕਤੀ ਤੇ ਉਸ ਦੇ ਪੁੱਤਰ ਦੀਆਂ ਲਾਸ਼ਾਂ ਬਰਾਮਦ ਹੋਈਆਂ ਹੈ।