ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫਦ ਨੇ ਕੀਤਾ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਗੰਭੀਰਪੁਰ ਵੱਲ ਰੋਸ ਮਾਰਚ
ਸ੍ਰੀ ਆਨੰਦਪੁਰ ਸਾਹਿਬ : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਬਲਜੀਤ ਸਿੰਘ ਸਲਾਣਾ, ਸੁਖਜਿੰਦਰ ਸਿੰਘ ਹਰੀਕਾ, ਜਸਵਿੰਦਰ ਸਿੰਘ ਔਲਖ, ਗੁਰਜੰਟ ਸਿੰਘ ਵਾਲੀਆ, ਨਰੰਜਣ ਜੋਤ ਚਾਂਦਪੁਰੀ, ਗੁਰਿੰਦਰ ਸਿੰਘ ਸਿੱਧੂ, ਸ਼ਮਸ਼ੇਰ ਸਿੰਘ ਬੰਗਾ ਆਦਿ ਆਗੂਆਂ ਦੀ ਅਗਵਾਈ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫਦ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਗੰਭੀਰਪੁਰ ਵੱਲ ਰੋਸ ਮਾਰਚ ਕੀਤਾ।
ਇਸ ਮੌਕੇ ਗੁਰਵਿੰਦਰ ਸਿੰਘ ਸਸਕੌਰ ਨੇ ਦੱਸਿਆ ਕਿ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਇਨਕਲਾਬੀ ਸੁਧਾਰ ਕਰਨ ਦੇ ਨਾਂ ’ਤੇ ਬਣੀ ਪੰਜਾਬ ਸਰਕਾਰ ਵੱਲੋਂ ਸਕੂਲ ਮੁਖੀਆਂ ਸਮੇਤ ਹਜ਼ਾਰਾਂ ਖਾਲੀ ਪੋਸਟਾਂ ਭਰਨ ਦੀ ਬਜਾਏ ਪ੍ਰਮੋਸ਼ਨਾਂ ਵਿਚ ਜਾਣਬੁੱਝ ਕੇ ਅੜਿੱਕੇ ਡਾਹੇ ਜਾ ਰਹੇ ਹਨ ਜਦੋਂ ਕਿ ਪਿਛਲੇ ਕਈ ਸਾਲਾਂ ਤੋਂ ਪ੍ਰਮੋਸ਼ਨਾਂ ਲਟਕਣ ਅਤੇ ਪੂਰੀ ਭਰਤੀ ਨਾ ਹੋਣ ਕਾਰਨ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਪ੍ਰਮੋਸ਼ਨਾਂ ਨੂੰ ਉਡੀਕਦੇ ਸੇਵਾਮੁਕਤ ਹੋ ਰਹੇ ਹਨ। 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਨਿਯਮ ਇਸ ਸਰਕਾਰ ਦੇ ਤੀਜੇ ਸਾਲ ਵਿੱਚ ਵੀ ਰੱਦ ਨਹੀਂ ਕੀਤੇ ਗਏ। ਪੰਜਾਬ ਦੀ ਸਿੱਖਿਆ ਨੀਤੀ ਜਾਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਆਪਣੀਆਂ ਜੇਬਾਂ ਵਿੱਚੋਂ ਖਰਚੀਆਂ ਗਈਆਂ ਗਰਾਂਟਾਂ ਹਾਲੇ ਤੱਕ ਵੀ ਜਾਰੀ ਨਹੀਂ ਕੀਤੀਆਂ ਗਈਆਂ ਜਦੋਂ ਕਿ ਅਧਿਆਪਕਾਂ ਦੀਆਂ ਸਮੱਸਿਆਵਾਂ ਸਮੇਤ ਸਿੱਖਿਆ ਵਿਭਾਗ ਦੀਆਂ ਅਨੇਕਾਂ ਸਮੱਸਿਆਵਾਂ ਸਬੰਧੀ ਸਿੱਖਿਆ ਮੰਤਰੀਆਂ ਅਤੇ ਉੱਚ ਸਿੱਖਿਆ ਅਧਿਕਾਰੀਆਂ ਨਾਲ ਮੋਰਚੇ ਦੀਆਂ ਹੋਈਆਂ ਮੀਟਿੰਗਾਂ ਵਿੱਚ ਅਨੇਕਾਂ ਸਹਿਮਤੀਆਂ ਬਣੀਆਂ ਸਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਧਿਆਪਕਾਂ ਦੇ ਭਖਦੇ ਮਸਲਿਆਂ ਸਬੰਧੀ ਲਏ ਗਏ ਫੈਸਲੇ ਲਾਗੂ ਨਹੀਂ ਕੀਤੇ ਗਏ। ਇਥੋਂ ਤੱਕ ਕਿ ਸਰਕਾਰ ਸੀਨੀਅਰ ਲੈਬੋਰਟਰੀ ਅਟੈਂਡੈਂਟ ਦੀ ਪੋਸਟ ਦਾ ਨਾਂ ਬਦਲਣ ਸਬੰਧੀ ਇਕ ਪੱਤਰ ਦੋ ਸਾਲ ਵਿੱਚ ਵੀ ਜਾਰੀ ਨਹੀਂ ਕਰ ਸਕੀ।