ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ 8 ਅਕਤੂਬਰ ਨੂੰ
ਜਲੰਧਰ : ਪੰਜਾਬ ਦੇ ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਪਟੀਸ਼ਨ ’ਤੇ ਹੁਣ 8 ਅਕਤੂਬਰ ਨੂੰ ਸੁਣਵਾਈ ਹੋਵੇਗੀ।ਦੱਸਣਯੋਗ ਹੈ ਕਿ ਭਾਰਤ ਭੂਸ਼ਣ ਆਸ਼ੁ ਪਿਛਲੇ ਅਗਸਤ ਤੋਂ ਜੇਲ੍ਹ ’ਚ ਬੰਦ ਹਨ।ਵਧੀਕ ਜਿ਼ਲ੍ਹਾ ਤੇ ਸੈਸ਼ਨ ਜੱਜ ਧਰਮਿੰਦਰ ਪਾਲ ਸਿੰਗਲਾ ਦੀ ਅਦਾਲਤ ਨੇ ਬਹੁ-ਕਰੋੜੀ ਘਪਲੇ ਦੇ ਮਾਮਲੇ ’ਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਆਪਣੇ ਵਕੀਲ ਰਾਹੀਂ ਦਾਇਰ ਕੀਤੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਲਈ 8 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। ਇਸ ਮਾਮਲੇ ’ਚ ਈਡੀ ਨੇ ਵੀ ਆਪਣਾ ਜਵਾਬ ਦਾਖ਼ਲ ਕਰ ਦਿੱਤਾ ਹੈ। ਪਿਛਲੇ ਹਫ਼ਤੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਜਲੰਧਰ ਨੇ ਜਲੰਧਰ ਦੀ ਸਪੈਸ਼ਲ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਵਿਚ ਆਸ਼ੂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਚਾਰਜਸ਼ੀਟ ’ਚ ਆਸ਼ੂ ਸਮੇਤ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ। ਆਸ਼ੂ ਦੇ ਕੁਝ ਰਿਸ਼ਤੇਦਾਰ, ਕਰੀਬੀ ਸਾਥੀ ਅਤੇ ਵਿਭਾਗ ਦੇ ਅਧਿਕਾਰੀ ਵੀ ਮੁਲਜ਼ਮ ਬਣਾਏ ਗਏ ਵਿਅਕਤੀਆਂ ’ਚ ਸ਼ਾਮਲ ਸਨ। ਈਡੀ ਨੇ ਅਸਥਾਈ ਤੌਰ ’ਤੇ 22.78 ਕਰੋੜ ਰੁਪਏ ਦੀ ਜਾਇਦਾਦ ਵੀ ਕੁਰਕ ਕੀਤੀ ਹੈ, ਜਿਸ ’ਚ ਆਸ਼ੂ ਦੇ ਰਿਸ਼ਤੇਦਾਰਾਂ, ਨਜ਼ਦੀਕੀ ਦੋਸਤਾਂ ਤੇ ਨਿਯਮਾਂ ਦੇ ਉਲਟ ਲਾਭ ਲੈਣ ਵਾਲੇ ਕੁਝ ਲੋਕਾਂ ਦੀ ਜਾਇਦਾਦ ਸ਼ਾਮਲ ਹੈ। ਕੁਰਕ ਕੀਤੀਆਂ ਜਾਇਦਾਦਾਂ ’ਚ ਉਸਦਾ ਫਲੈਟ, ਇਕ ਦੁਕਾਨ ਤੇ ਕੁਝ ਸੋਨਾ, ਵਿਭਾਗ ਦੇ ਇਕ ਅਧਿਕਾਰੀ ਦਾ ਘਰ ਅਤੇ ਖੰਨਾ ’ਚ ਆਸ਼ੂ ਦੇ ਇਕ ਏਜੰਟ ਤੇ ਸਾਥੀ ਰਾਜਦੀਪ ਨਾਗਰਾ ਦਾ ਸਾਮਾਨ ਸ਼ਾਮਲ ਹੈ।