ਸੀ. ਆਈ. ਏ. ਨੇ ਕੀਤਾ 6 ਸਮੱਗਲਰਾਂ ਨੂੰ ਗ੍ਰਿਫਤਾਰ
ਲੁਧਿਆਣਾ : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਸੀ. ਆਈ.ਏ-1 ਪੁਲਸ ਨੇ ਸ਼ਹਿਰ ’ਚ ਵੱਡੇ ਪੱਧਰ ’ਤੇ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ 6 ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਨਸ਼ੇ ਦੀ ਚੇਨ ਨੂੰ ਵੱਡੀ ਪੱਧਰ ’ਤੇ ਤੋੜਨ ’ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਨੇ ਸਾਰੇ ਮੁਲਜ਼ਮਾਂ ਕੋਲੋਂ 40 ਹਜ਼ਾਰ ਦੇ ਕਰੀਬ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ 2 ਲੱਖ 15 ਹਜ਼ਾਰ 500 ਰੁਪਏ ਦੀ ਨਕਦੀ ਅਤੇ 6 ਮੋਬਾਈਲ ਫੋਨ ਬਰਾਮਦ ਕਰ ਕੇ ਦੁੱਗਰੀ ਥਾਣੇ ’ਚ ਕੇਸ ਦਰਜ ਕੀਤਾ ਹੈ। ਉਕਤ ਜਾਣਕਾਰੀ ਇੰਚਾਰਜ ਸੀਆਈਏ-1 ਰਾਜੇਸ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਜੋਤ ਸਿੰਘ ਵਾਸੀ ਸਤਜੋਤ ਨਗਰ, ਧਾਂਦਰਾ ਰੋਡ, ਖੁਸ਼ਮਿੰਦਰ ਸਿੰਘ ਵਾਸੀ ਗੁਰਮੋਹਰ ਐਨਕਲੇਵ, ਧਾਂਦਰਾ ਰੋਡ, ਦੀਪਕ ਗਰਗ ਵਾਸੀ ਨਿਊ ਮਾਡਲ ਟਾਊਨ, ਸੰਦੀਪ ਸਿੰਘ ਵਾਸੀ ਪਾਸੀ ਨਗਰ ਪੱਖੋਵਾਲ ਰੋਡ, ਰਾਹੁਲ ਹੰਸ ਵਾਸੀ ਭਾਈ ਹਿੰਮਤ ਸਿੰਘ ਨਗਰ ਦੁੱਗਰੀ ਤੇ ਵਿਕਾਸ ਹਰੀਸ਼ ਵਾਸੀ ਫੇਜ਼-2 ਵਜੋਂ ਹੋਈ ਹੈ। 13 ਅਗਸਤ ਨੂੰ ਪੁਲਸ ਨੇ ਸਕੂਟਰ ਸਵਾਰ ਜਸਜੋਤ ਸਿੰਘ ਅਤੇ ਖੁਸ਼ਮਿੰਦਰ ਸਿੰਘ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 15 ਹਜ਼ਾਰ ਰੁਪਏ ਅਤੇ 21 ਹਜ਼ਾਰ ਰੁਪਏ ਦੀਆਂ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਸਨ, ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ 9000 ਹੋਰ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੀਪਕ ਨਾਂ ਦੇ ਨੌਜਵਾਨ ਤੋਂ ਖਰੀਦਦੇ ਸਨ, ਜਿਸ ਦੇ ਨਾਲ ਦੀਪਕ ਦੀ ਮਾਂ ਸਵਿਤਾ ਅਤੇ ਸੰਦੀਪ ਵੀ ਇਥੇ ਕੰਮ ਕਰਦੇ ਹਨ।