ਸੇਬੀ ਚੇਅਰਪਰਸਨ ਖਿਲਾਫ਼ ਲੋਕ ਸਭਾ ਮੈਂਬਰ ਦੀ ਸ਼ਿਕਾਇਤ ਲੋਕਪਾਲ ਦੀ ਜਾਂਚ ਸ਼ੁਰੂ ਕਰਨ ਲਈ ਢੁੱਕਵੀਂ ਨਹੀਂ ਹੈ : ਲੋਕਪਾਲ
ਨਵੀਂ ਦਿੱਲੀ : ਸਕਿਓਰਿਟੀ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਚੇਅਰਪਰਸਨ ਮਾਧਵੀ ਪੁਰੀ ਬੁਚ ਖ਼ਿਲਾਫ਼ ਲੋਕ ਸਭਾ ਮੈਂਬਰ ਦੀ ਸ਼ਿਕਾਇਤ ਲੋਕਪਾਲ ਦੀ ਜਾਂਚ ਸ਼ੁਰੂ ਕਰਨ ਲਈ ਢੁੱਕਵੀਂ ਨਹੀਂ ਹੈ। ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਅਢੁੱਕਵੇਂ ਵਿਹਾਰ ਤੇ ਹਿੱਤਾਂ ਦੇ ਟਕਰਾਅ ਦੇ ਦੋਸ਼ ਵਾਲੀ ਸ਼ਿਕਾਇਤ ਉਸ ਨੂੰ ਜਾਂਚ ਦਾ ਹੁਕਮ ਦੇਣ ਲਈ ਰਾਜ਼ੀ ਕਰਨ ’ਚ ਨਾਕਾਮ ਰਹੀ। ਅਮਰੀਕਾ ਸਥਿਤ ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ ਦੇ ਆਧਾਰ ’ਤੇ ਵੱਖ ਵੱਖ ਵਿਅਕਤੀਆਂ ਦੀਆਂ ਦੋ ਸ਼ਿਕਾਇਤਾਂ ’ਤੇ ਫ਼ੈਸਲਾ ਦਿੰਦਿਆਂ ਲੋਕਪਾਲ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਹਲਫਨਾਮਾ ਦਾਖਲ ਕਰਨ ਲਈ ਕਿਹਾ। ਇਸ ਵਿੱਚ ਇਨ੍ਹਾਂ ਨੂੰ 10 ਅਗਸਤ 2024 ਨੂੰ ਪ੍ਰਕਾਸ਼ਤ ਹਿੰਡਨਬਰਗ ਰਿਸਰਚ ਦੀ ਹਾਲੀਆ ਰਿਪੋਰਟ ’ਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਉਸ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਵੇਰਵਾ ਦੇਣਾ ਪਵੇਗਾ। ਲੋਕਪਾਲ ਨੇ ਉਨ੍ਹਾਂ ਨੂੰ ਸਬੰਧਤ ਵਿਅਕਤੀ ਖ਼ਿਲਾਫ਼ ਦੋਸ਼ਾਂ ਨੂੰ ਸਪੱਸ਼ਟ ਕਰਨ ਲਈ ਵੀ ਕਿਹਾ ਜੋ 20 ਸਤੰਬਰ ਦੇ ਲੋਕਪਾਲ ਦੇ ਹੁਕਮ ਅਨੁਸਾਰ ਭ੍ਰਿਸ਼ਟਾਚਾਰ ਰੋਕੂ ਐਕਟ, 1988 ਤਹਿਤ ਭ੍ਰਿਸ਼ਟਾਚਾਰ ਦਾ ਅਪਰਾਧ ਹੋ ਸਕਦੇ ਹਨ। ਹਿੰਡਨਬਰਗ ਨੇ ਆਪਣੀ ਰਿਪੋਰਟ ’ਚ ਦੋਸ਼ ਲਾਇਆ ਸੀ ਕਿ ਬੁਚ ਤੇ ਉਸ ਦੇ ਪਤੀ ਕੋਲ ਕਥਿਤ ਅਡਾਨੀ ਧਨ ਹੇਰਾਫੇਰੀ ਘੁਟਾਲੇ ’ਚ ਵਰਤੇ ਗਏ ਅਸਪਸ਼ੱਟ ਵਿਦੇਸ਼ੀ ਫੰਡਾਂ ’ਚ ਹਿੱਸੇਦਾਰੀ ਸੀ। ਬੁਚ ਤੇ ਉਸ ਦੇ ਪਤੀ ਨੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ।